ਬੀਕੇਯੂ ਏਕਤਾ ਉਗਰਾਹਾਂ ਵੱਲੋਂ ਮੋਟਰਸਾਈਕਲ ਮਾਰਚ

ਭਲਕ ਦੇ ਪੰਜਾਬ ਬੰਦ ਦੇ ਸੱਦੇ ਲਈ ਦੁਕਾਨਦਾਰਾਂ ਨੂੰ ਪ੍ਰੇਰਿਤ ਕੀਤਾ; ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਬੀਕੇਯੂ ਏਕਤਾ ਉਗਰਾਹਾਂ ਵੱਲੋਂ ਮੋਟਰਸਾਈਕਲ ਮਾਰਚ

ਸੰਦੌੜ ਵਿਚ ਝੰਡਾ ਮਾਰਚ ਕਰਦੇ ਹੋਏ ਬੀਕੇਯੂ ਏਕਤਾ ਦੇ ਆਗੂ ਅਤੇ ਕਿਸਾਨ।

ਪੱਤਰ ਪ੍ਰੇਰਕ

ਲਹਿਰਾਗਾਗਾ, 23 ਸਤੰਬਰ

ਇਥੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਵਰਕਰਾਂ ਨੇ ਸ਼ਹਿਰ ਤੇ ਪਿੰਡਾਂ ’ਚ ਮੋਟਰਸਾਈਕਲ ਮਾਰਚ ਕੀਤਾ ਅਤੇ ਦੁਕਾਨਦਾਰਾਂ ਨੂੰ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌੌਕੇ ਵਰਕਰਾਂ ਨੇ ਕਿਸਾਨ-ਮਜ਼ਦੂਰ- ਦੁਕਾਨਦਾਰ ਏਕੇ ਬਾਰੇ ਅਤੇ ਕੀ ਕਰਨਗੇ ਜੇਲ੍ਹਾ ਥਾਣੇ ਆਦਿ ਦੀ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਖੇਤੀ ਆਰਡੀਨੈਂਸ ਸਣੇ ਬਿਜਲੀ ਸੋਧ ਐਕਟ 2020 ਸਾਮਰਾਜ ਦੇ ਦਾਬੇ ਹੇਠ ਕਾਰਪੋਰੇਟ ਘਰਾਣਿਆ, ਵੱਡੇ ਜਗੀਰਦਾਰਾਂ ਅਤੇ ਵੱਡੀਆਂ ਕੰਪਨੀਆਂ ਦੇ ਪੱਖ ਵਿੱਚ ਜਾਣਗੇੇ। ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਇੱਕ-ਦੋ ਸਾਲਾਂ ਵਿੱਚ ਹੀ ਸਰਕਾਰੀ ਮੰਡੀਆਂ ਦਾ ਭੋਗ ਪੈ ਜਾਵੇਗਾ। ਉਨ੍ਹਾਂ ਆਰਡੀਨੈਂਸ ਦੇ ਹਮਾਇਤੀਆਂ ਦਾ ਬਾਈਕਾਟ ਕਰਨ ਅਤੇ 25 ਸਤੰਬਰ ਨੂੰ ਬੰਦ ਦਾ ਸੱਦਾ ਦਿੱਤਾ। 

ਮਾਲੇਕੋਟਲਾ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਨਵੇਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਵਲੋਂ 25 ਸਤੰਬਰ ਦੇ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾ) ਦੇ ਸੈਂਕੜੇ ਵਰਕਰਾਂ ਨੇ ਅੱਜ ਸਥਾਨਕ ਮੁਖ ਬਾਜ਼ਾਰਾਂ ਵਿੱਚ ਦੀ ਮੋਟਰ ਸਾਈਕਲ ਮਾਰਚ ਕਰ ਕੇ ਆਮ ਦੁਕਾਨਦਾਰਾਂ ਮਜ਼ਦੂਰਾਂ ਅਤੇ ਹੋਰ ਕਾਰੋਬਾਰੀਆਂ ਤੋਂ ਸਹਿਯੋਗ ਮੰਗਿਆ। ਇਸ ਮੌਕੇ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਮਾਰਚ ਕੱਢਿਆ ਗਿਆ। 

ਉਧਰ, ਆਮ ਆਦਮੀ ਪਾਰਟੀ ਦੇ ਆਗੂ ਆਜ਼ਮ ਦਾਰਾ ਨੇ ਕਿਹਾ ਕਿ ਪਾਰਟੀ ਬੰਦ ਦੇ ਸੱਦੇ ਦੇ ਮੱਦੇਨਜ਼ਰ 24 ਸਤੰਬਰ ਨੂੰ ਸਥਾਨਕ ਸਰਹਿੰਦੀ ਦਰਵਾਜ਼ੇ ਰੋਸ ਪ੍ਰਦਰਸ਼ਨ ਕਰੇਗੀ ਤੇ 25 ਸਤੰਬਰ ਦੇ ਬੰਦ ਨੂੰ ਕਾਮਯਾਬ ਬਣਾਏਗੀ। 

ਕੇਂਦਰੀ ਆਰਡੀਨੈਂਸਾਂ ਖ਼ਿਲਾਫ਼ 25 ਸੰਤਬਰ ਨੂੰ ਸੀਟੂ ਵੀ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕਰੇਗੀ। ਅਕਾਲੀ ਦਲ ਦੇ ਆਗੂ ਮੁਹੰਮਦ ਸ਼ਫੀਕ ਨੇ ਦੱ‌ਸਿਆ ਕਿ ਅਕਾਲੀ ਦਲ 25 ਸਤੰਬਰ ਨੂੰ ਸਥਾਨਕ ਲੁਧਿਅਆਣਾ ਬਾਈਪਾਸ ‘ਤੇ ਧਰਨਾ ਦੇਵੇਗਾ। 

ਦਲਿਤ ਵੈਲਫੇਅਰ ਸੰਗਠਨ ਵੀ ਹਮਾਇਤ ’ਚ ਨਿੱਤਰਿਆ

ਸੰਗਰੂਰ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਆਰਡੀਨੈਂਸਾਂ ਤੋਂ ਖਫ਼ਾ ਕਿਸਾਨਾਂ ਵੱਲੋਂ ਰੋਸ ਜਾਹਰ ਕਰਨ ਲਈ 25 ਸਤੰਬਰ ਨੂੰ ਪੰਜਾਬ ਬੰਦ  ਦੇ ਦਿੱਤੇ ਸੱਦੇ ਦਾ ਖੁੱਲ੍ਹ ਕੇ ਸਮਰਥਨ ਕਰਦਿਆਂ ਦਲਿਤ ਵੈਲਫ਼ੇਅਰ ਸੰਗਠਨ ਪੰਜਾਬ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਈ ਹੈ। ਇਸ ਸਬੰਧੀ ਅੱਜ ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵੱਲੋਂ ਇਸ ਦਾ ਰਸਮੀ ਤੌਰ ’ਤੇ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਲਿਤਾਂ  ਦਾ ਕਿਸਾਨਾਂ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ। ਅੱਜ ਇਸ ਮੁਸ਼ਕਲ ਘੜੀ ਵਿਚ ਦਲਿਤ  ਵੈਲਫੇਅਰ ਸੰਗਠਨ ਪੰਜਾਬ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਸੰਗਠਨ ਦੇ ਸਮੂਹ ਜ਼ਿਲ੍ਹਾ  ਪ੍ਰਧਾਨਾਂ ਅਤੇ ਸੂਬਾ ਕਮੇਟੀ ਸਣੇ ਸਮੁੱਚੀ ਟੀਮ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। 

ਬੀਕੇਯੂ ਵੱਲੋਂ ਦੋ ਦਰਜਨ ਪਿੰਡਾਂ ਝੰਡਾ ਮਾਰਚ

ਸੰਦੌੜ (ਮੁਕੰਦ ਸਿੰਘ ਚੀਮਾ): ਇੱਥੇ 25  ਸਤੰਬਰ ਦੇ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਸੰਦੌੜ ਹਲਕੇ ਦੇ ਕਈ  ਪਿੰਡਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਬਲਾਕ ਅਹਿਮਦਗੜ੍ਹ ਵੱਲੋਂ ਝੰਡਾ ਮਾਰਚ ਕੱਢਿਆ  ਗਿਆ।ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ ਦੀ ਅਗਵਾਈ ਹੇਠ ਕੱਢੇ ਗਏ ਮਾਰਚ ਵਿਚ ਕਿਸਾਨ ਅਤੇ ਨੌਜਵਾਨ ਹਾਜ਼ਰ ਸਨ। ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਧਲੇਰ ਨੇ  ਦੱਸਿਆ ਕਿ ਮੋਦੀ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਤਬਾਹ ਕਰਨ ਦੇ ਮਨਸੂਬੇ ਬਣਾ ਲਏ ਹਨ  ਅਤੇ ਪੂੰਜੀਪਤੀਆਂ ਦੀ ਦਬਾਅ ਹੇਠ ਖੇਤੀ ਆਰਡੀਨੈਂਸ ਪੇਸ਼ ਕਰਕੇ ਕਿਸਾਨਾਂ ਨੂੰ ਖਤਮ ਕਰਨ ਦੀ  ਚਾਲ ਚੱਲੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 25 ਸਤੰਬਰ  ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਅਨੁਸਾਰ ਆਪਣੇ ਕਾਰੋਬਾਰ ਬੰਦ ਕਰਕੇ ਏਕਤਾ ਦਾ ਸਬੂਤ ਦਈਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All