ਪੱਤਰ ਪ੍ਰੇਰਕ
ਲਹਿਰਾਗਾਗਾ, 1 ਅਪਰੈਲ
ਇਸੇ ਅੱਜ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਨੇੜੇ ਹਰੀ ਸਿੰਘ ਤਰਕ ਚੌਕ ’ਚ ਇੱਕ ਮੋਟਰਸਾਈਕਲ ਤੇ ਟਰੱਕ ਵਿਚਾਲੇ ਵਾਪਰੇ ਹਾਦਸੇ ’ਚ ਇੱਕ ਔਰਤ ਤੇ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਪਰ ਮੋਟਰਸਾਈਕਲ ਚਾਲਕ ਪਵਨ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਵਨ ਕੁਮਾਰ ਪੁੱਤਰ ਦਲਵੀਰ ਸਿੰਘ ਇੰਦਰਾ ਬਸਤੀ ਸੁਨਾਮ ਆਪਣੀ ਪਤਨੀ ਰਿੰਪੀ ਰਾਣੀ ਅਤੇ ਪੁੱਤਰ ਦਿਵਾਂਸ਼ (4) ਨਾਲ ਮੋਟਰਸਾਈਕਲ ਨੰਬਰ ਪੀਬੀ 13ਬੀਬੀ 1473 ’ਤੇ ਰਿਸ਼ਤੇਦਾਰੀ ’ਚ ਮਿਲਣ ਸੁਨਾਮ ਤੋਂ ਜਾਖਲ ਹਰਿਆਣਾ ਜਾ ਰਿਹਾ ਸੀ ਕਿ ਚੌਕ ’ਤੇ ਰੇਲਵੇ ਸਟੇਸ਼ਨ ’ਤੇ ਅਨਾਜ ਦੀ ਸਪੈਸ਼ਲ ਭਰਨ ਵਾਲੇ ਟਰੱਕ ਪੀਬੀ034ਸੀ 7498 ਨਾਲ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਰਿੰਪੀ ਰਾਣੀ ਤੇ ਦਿਵਾਂਸ਼ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਚਾਲਕ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸਿਟੀ ਪੁਲੀਸ ਦੇ ਐਸਐਚਓ ਜਾਗਰ ਸਿੰਘ ਨੇ ਦੱਸਿਆ ਕਿ ਸਹਾਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟਮਾਟਰਮ ਲਈ ਭੇਜ ਦਿੱਤਾ ਹੈ।
ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਨੌਜਵਾਨ ਜ਼ਖ਼ਮੀ
ਲਹਿਰਾਗਾਗਾ: ਅੱਜ ਸਵੇਰ ਜਾਖਲ-ਸੁਨਾਮ ਮੁੱਖ ਮਾਰਗ ਉੱਪਰ ਸ੍ਰੀ ਸਾਈਂ ਕਾਲਜ ਪਿੰਡ ਚੰਗਾਲੀਵਾਲਾ ਨੇੜੇ ਇੱਕ ਹਾਦਸੇ ਦੌਰਾਨ ਦੋ ਨੌਜਵਾਨ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਦੌਰਾਨ ਇੱਕ ਆਲਟੋ ਕਾਰ ਅਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਸਿੰਘ ਗੋਬਿੰਦਗੜ੍ਹ ਅਤੇ ਰਵੀ ਖੋਖਰ ਇੱਕ ਮੋਟਰਸਾਈਕਲ ਪੀਬੀ 11 ਏ ਐਲ 4918 ਉੱਪਰ ਲਹਿਰਾਗਾਗਾ ਵੱਲ ਜਾ ਰਹੇ ਸਨ। ਦੂਜੀ ਪਾਸੇ ਲਹਿਰਾਗਾਗਾ ਸਾਈਡ ਤੋਂ ਇੱਕ ਫੀਗੋ (ਫੋਰਡ) ਕਾਰ ਪੀਬੀ 13 ਏਪੀ 5618 ਸੁਨਾਮ ਵੱਲ ਜਾ ਰਹੀ। ਦੋਨੋਂ ਵਾਹਨ ਨੂੰ ਸ੍ਰੀ ਸਾਈ ਕਾਲਜ ਚੰਗਾਲੀਵਾਲਾ ਨੇੜੇ ਟਕਰਾ ਗਏ ਜਿਸ ’ਚ ਦੋਨੋਂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ ਹਨ। ਰਾਹਗੀਰਾਂ ਨੇ 108 ਨੰਬਰ ਉੱਪਰ ਕਾਲ ਕਰਕੇ ਐਂਬੂਲੈਂਸ ਮੰਗਵਾ ਕੇ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਭੇਜ ਦਿੱਤਾ ਹੈ।