ਨਿੱਜੀ ਪੱਤਰ ਪ੍ਰੇਰਕ
ਧੂਰੀ,14 ਫਰਵਰੀ
ਸੰਯੁਕਤ ਸਮਾਜ ਮੋਰਚੇ ਵੱਲੋਂ ਹਲਕਾ ਧੂਰੀ ਤੋਂ ਚੋਣ ਲੜ ਰਹੇ ਉਮੀਦਵਾਰ ਸਰਬਜੀਤ ਸਿੰਘ ਅਲਾਲ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਧੂਰੀ ਘਰ-ਘਰ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸ੍ਰੀ ਅਲਾਲ ਨੇ ਕਿਹਾ ਕਿ ਕਿਸਾਨਾਂ ਦੇੇ ਮਸਲੇ ਸਿਆਸੀ ਪਾਰਟੀ ਨਹੀਂ, ਸੰਯੁਕਤ ਕਿਸਾਨ ਮੋਰਚਾ ਹੀ ਹੱਲ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਲੀਡਰਾਂ ਨੇ ਕਿਸਾਨ ਅੰਦੋਲਨ ਦੇ ਨਾਂ ਤੇ ਕੇਵਲ ਰੋਟੀਆਂ ਹੀ ਸੇਕੀਆਂ ਹਨ, ਜਦੋਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੰਮਾਂ ਸਮਾਂ ਇਹ ਲੜਾਈ ਦਿੱਲੀ ਦੇ ਬਾਰਡਰਾਂ ’ਤੇ ਬੈਠ ਕੇ ਲੜੀ ਗਈ ਹੈ ਅਤੇ ਅੱਜ ਜੇ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਤਾਂ ਕਿਸਾਨ ਅਤੇ ਕਿਰਸਾਨੀ ਨੇ ਪੂਰੀ ਤਰ੍ਹਾਂ ਬਰਬਾਦ ਹੋ ਜਾਣਾ ਸੀ।ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਉੱਪਰ ਕਾਲੇ ਕਾਨੂੰਨ ਥੋਪਣ ਵਾਲੀ ਪਾਰਟੀ ਹੈ, ਜਿਸ ਕਾਰਨ ਕਿਸਾਨ ਸੰਘਰਸ਼ ਦੌਰਾਨ 700 ਦੇ ਕਰੀਬ ਕਿਸਾਨਾਂ ਦੀ ਮੌਤ ਹੋਈ ਹੈ। ਇਸ ਮੌਕੇ ਜਰਨੈਲ ਸਿੰਘ ਜਹਾਂਗੀਰ ਬਲਾਕ ਪ੍ਰਧਾਨ ਬੀ.ਕੇ.ਯੂ. ਰਾਜੇਵਾਲ, ਅਵਤਾਰ ਸਿੰਘ ਤਾਰੀ ਆਗੂ ਗੰਨਾ ਸੰਘਰਸ਼ ਕਮੇਟੀ, ਬਲਵਿੰਦਰ ਸਿੰਘ ਸਰਪੰਚ ਜੱਖਲਾਂ ਹਾਜ਼ਰ ਸਨ।