ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 16 ਮਈ
ਇਥੇ ਮੁਹੱਲਾ ਡਾ. ਦਿਆ ਕ੍ਰਿਸ਼ਨ ਵਾਸੀ ਮੁਹੱਲੇ ਦੀਆਂ ਗਲੀਆਂ ਵਿੱਚ ਖੜ੍ਹੇ ਸੀਵਰੇਜ ਦੇ ਪਾਣੀ ਕਾਰਨ ਪ੍ਰੇਸ਼ਾਨ ਹਨ। ਮੁਹੱਲਾ ਵਾਸੀ ਐਡਵੋਕੇਟ ਰੋਹਿਤ ਜੈਨ, ਵਰਿੰਦਰ ਜੈਨ, ਡਾ. ਸੂਰਜ ਜੈਨ, ਰਮਨ ਜੈਨ, ਜੀਵਨ ਪ੍ਰਕਾਸ਼, ਅਭਿਨੰਦਨ ਜੈਨ ਆਦਿ ਨੇ ਦੱਸਿਆ ਕਿ ਮੁਹੱਲੇ ਦੀਆਂ ਨਾਲੀਆਂ ਵਿੱਚ ਕਈ ਦਿਨ ਤੋਂ ਸੀਵਰੇਜ ਦਾ ਪਾਣੀ ਖੜ੍ਹਾ ਹੈ। ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਸੀਵਰੇਜ ਦਾ ਮੁਸ਼ਕ ਮਾਰਦਾ ਪਾਣੀ ਸੀਵਰੇਜ ਦੇ ਢੱਕਣਾਂ ਤੋਂ ਬਾਹਰ ਆ ਕੇ ਗਲੀ ਦੀਆਂ ਸੜਕਾਂ ’ਤੇ ਖੜ੍ਹ ਗਿਆ ਹੈ।
ਗੰਦਗੀ ਅਤੇ ਬਦਬੂ ਨਾਲ ਮੁਹੱਲਾ ਵਾਸੀਆਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ, ਪਰੰਤੂ ਨਗਰ ਕੌਂਸਲ ਇਸ ਵੱਲ ਕਈ ਦਿਨਾਂ ਤੋਂ ਕੋਈ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਵਾਰਡ ਦੀ ਕੌਂਸਲਰ ਸ਼ਬਾਨਾ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਤੋਂ ਮੰਗ ਕੀਤੀ ਕਿ ਮੁਹੱਲਾ ਵਾਸੀਆਂ ਨੂੰ ਤੁਰੰਤ ਇਸ ਸਮੱਸਿਆ ਤੋਂ ਨਿਜਾਤ ਦਵਾਈ ਜਾਏ ਨਹੀਂ ਤਾ ਮੁਹੱਲਾ ਵਾਸੀਆਂ ਨੂੰ ਮਜਬੂਰ ਹੋ ਕੇ ਨਗਰ ਕੌਂਸਲ ਖ਼ਿਲਾਫ਼ ਸੰਘਰਸ਼ ਕਰਨਾ ਪਵੇਗਾ।