ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 6 ਮਈ
ਇੱਥੋਂ ਨੇੜਲੇ ਪਿੰਡ ਚੰਨੋ ਦੀ ਲਲੌਛੀ ਰੋਡ ਵੱਲ ਬਣ ਰਹੀ ਗਲੀ ਦੇ ਕੁਝ ਹਿੱਸੇ ਨੂੰ ਅਧੂਰਾ ਛੱਡਣ ਦੇ ਮੁੱਦੇ ’ਤੇ ਮੁਹੱਲਾ ਵਾਸੀਆਂ ਨੇ ਪੰਚਾਇਤੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਹੱਲਾ ਵਾਸੀ ਗੁਰਮੇਲ ਸਿੰਘ, ਭਾਨ ਸਿੰਘ, ਇਕਬਾਲ ਖਾਨ, ਚੰਦ ਕੌਰ, ਨਿਰਮਲ ਕੌਰ, ਪ੍ਰਵੀਨ ਕੌਰ, ਨਰਿੰਦਰ ਕੌਰ, ਰੁਲਦੂ ਸਿੰਘ, ਜਸਵੀਰ ਕੌਰ, ਨਵਜੋਤ ਸਿੰਘ, ਬਲਵੀਰ ਸਿੰਘ, ਭਰਭੂਰ ਸਿੰਘ, ਸ਼ਾਦੀ ਖਾਨ, ਦਰਸ਼ਨਾ ਕੌਰ, ਅਮਰੀਕ ਸਿੰਘ ਅਤੇ ਜੱਸੀ ਸਿੰਘ ਨੇ ਦੱਸਿਆ ਕਿ ਪੰਚਾਇਤੀ ਵਿਭਾਗ ਵੱਲੋਂ ਸਿੱਧੀ ਗਲੀ ਦਾ ਨਿਰਮਾਣ ਤਾਂ ਕਰਵਾ ਦਿੱਤਾ ਗਿਆ ਪਰ ਉਨ੍ਹਾਂ ਦੇ ਘਰਾਂ ਵੱਲ ਨੂੰ ਆਉਂਦੀ ਗਲੀ ’ਚੋਂ ਮਿੱਟੀ ਕਢਵਾ ਕੇ ਗਲੀ ਨੂੰ ਨੀਵਾਂ ਕਰ ਦਿੱਤਾ ਗਿਆ ਜਿਸ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਸਬੰਧੀ ਉਹ ਕਈ ਵਾਰ ਪਿੰਡ ਦੀ ਪੰਚਾਇਤ, ਠੇਕੇਦਾਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਕੇ ਬੇਨਤੀ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਪ੍ਰਸ਼ਾਸਨ ਤੋਂ ਗਲੀ ਦਾ ਨਿਰਮਾਣ ਕਾਰਜ ਪੂਰਾ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਘਰਾਂ ਅੱਗੇ ਗਲੀ ਨਹੀਂ ਬਣਾਈ ਜਾਂਦੀ ਤਾਂ ਉਹ ਹਾਈਵੇਅ ਜਾਮ ਕਰਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਸਰਪੰਚ ਬੀਬੀ ਅਰਵਿੰਦਰਪਾਲ ਕੌਰ ਤੇ ਤੇਜਇੰਦਰ ਢੀਂਡਸਾ ਨੇ ਦੱਸਿਆ ਕਿ ਇਹ ਕੰਮ ਪੰਚਾਇਤੀ ਰਾਜ ਵਿਭਾਗ ਨੇ ਕਰਨਾ ਹੈ। ਪੰਚਾਇਤ ਵੱਲੋਂ ਆਪਣੇ ਹਿੱਸੇ ਦੀ ਬਣਦੀ ਰਕਮ ਵਿਭਾਗ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਪੰਚਾਇਤੀ ਰਾਜ ਵਿਭਾਗ ਦੇ ਐੱਸਡੀਓ ਗੁਰਚਰਨ ਸਿੰਘ ਅਤੇ ਐਕਸੀਅਨ ਰਣਜੀਤ ਸਿੰਘ ਨੇ ਕਿਹਾ ਕਿ ਗਲੀ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ।