ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਸਤੰਬਰ
ਪੰਜਾਬ ਯੂਥ ਕਾਂਗਰਸ ਦੀ ਅਗਵਾਈ ਹੇਠ ਯੂਥ ਕਾਂਗਰਸੀ ਵਰਕਰਾਂ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਕੌਮੀ ਬੇਰੁਜ਼ਗਾਰੀ ਦਿਵਸ ਵਜੋਂ ਮਨਾਉਂਦਿਆਂ ਜਿਥੇ ਸ਼ਹਿਰ ਦੇ ਵੱਡੇ ਚੌਕ ਵਿੱਚ ਪਕੌੜੇ ਤਲੇ ਗਏ, ਬੂਟ ਪਾਲਿਸ਼ ਕੀਤੇ ਗਏ ਅਤੇ ਚਾਹ ਦੀਆਂ ਸਟਾਲਾਂ ਲਗਾ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉਪਰ ਤੰਜ ਕਸਿਆ ਗਿਆ। ਅਨੇਕਾਂ ਪੜ੍ਹੇ ਲਿਖੇ ਨੌਜਵਾਨਾਂ ਵੱਲੋਂ ਆਪਣੀਆਂ ਡਿਗਰੀਆਂ ਦੀਆਂ ਕਾਪੀਆਂ ਵੀ ਫ਼ੂਕੀਆਂ ਗਈਆਂ।
ਯੂਥ ਕਾਂਗਰਸੀ ਵਰਕਰ ਸਥਾਨਕ ਵੱਡੇ ਚੌਕ ਵਿੱਚ ਇਕੱਠੇ ਹੋਏ ਜਿਥੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਲੱਡਾ ਦੀ ਅਗਵਾਈ ਹੇਠ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਕੌਮੀ ਬੇਰੁਜ਼ਗਾਰੀ ਦਿਵਸ ਵਜੋਂ ਮਨਾਉਂਦਿਆਂ ਸਰਕਾਰ ਦੀ ਕਾਰਗੁਜ਼ਾਰੀ ਉਪਰ ਅਨੋਖੇ ਢੰਗ ਨਾਲ ਤੰਜ਼ ਕੱਸਿਆ ਗਿਆ। ਯੂਥ ਕਾਂਗਰਸੀ ਵਰਕਰਾਂ ਵੱਲੋਂ ਪਕੌੜੇ ਤਲੇ ਗਏ, ਚਾਹ ਦੀਆਂ ਸਟਾਲਾਂ ਲਗਾਈਆਂ ਗਈਆਂ, ਬੂਟ ਪਾਲਿਸ਼ ਕੀਤੇ ਗਏ ਅਤੇ ਆਪਣੀ ਡਿਗਰੀਆਂ ਦੀਆਂ ਕਾਪੀਆਂ ਫ਼ੂਕੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਲੱਡਾ, ਸ਼ਕਤੀਜੀਤ ਸਿੰਘ, ਬੱਬੂ ਬਲਜੋਤ ਪ੍ਰਧਾਨ ਸੰਗਰੂਰ, ਹਰਪਾਲ ਸਿੰਘ ਸੋਨੂੰ, ਮਨਦੀਪ ਕੌਰ ਅਤੇ ਹਰਵਿੰਦਰ ਕੌਰ ਨੇ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ ਵਿਚ ਲਗਾਤਾਰ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਨੌਜਵਾਨ ਵਿਹਲੇ ਫ਼ਿਰ ਰਹੇ ਹਨ। ਪੜ੍ਹੇ ਲਿਖੇ ਨੌਜਵਾਨਾਂ ਨੂੰ ਆਪਣੇ ਪਰਿਵਾਰਾਂ ਦੇ ਗੁਜ਼ਾਰੇ ਲਈ ਤਰ੍ਹਾਂ ਤਰ੍ਹਾਂ ਦੇ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਅਜਿਹੇ ਹਾਲਾਤ ਅਨੇਕਾਂ ਬਿਮਾਰੀਆਂ ਅਤੇ ਸਮਾਜਿਕ ਬੁਰਾਈਆਂ ਨੂੰ ਜਨਮ ਦਿੰਦੇ ਹਨ ਜਿਸਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਵਿੱਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਨੂੰ ਨੱਥ ਪਾਈ ਜਾਵੇ ਅਤੇ ਪੜ੍ਹੇ ਲਿਖੇ ਯੋਗ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ।