ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਸਤੰਬਰ
ਇਥੇ ਰਿਲਾਇੰਸ ਪੰਪ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਲਾਇਆ ਪੱਕਾ ਮੋਰਚਾ 343ਵੇਂ ਦਿਨ ਵੀ ਜਾਰੀ ਰਿਹਾ। ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਨਣ ਦੀ ਥਾਂ ਖੇਤੀ ਕਾਨੂੰਨਾਂ ਪ੍ਰਤੀ ਆਪਣਾ ਨਜ਼ਰੀਆ ਬਦਲਣ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨੂੰ ਮਨਮਾਨੀਆਂ ਕਰਨ ਦੀ ਖੁੱਲ੍ਹ ਦੇਣ ਦੀ ਥਾਂ ਸਦਾ ਲਈ ਨਕਾਰ ਦੇਣਗੇ। ਕਿਸਾਨ ਨੇਤਾ ਬਿੰਦਰ ਸਿੰਘ ਖੋਖਰ ਕਲਾਂ ਨੇ ਕਿਹਾ ਕਿ ਕੇਂਦਰੀ ਦੀ ਭਾਜਪਾ ਸਰਕਾਰ ਜਨਤਕ ਅਦਾਰੇ ਪੂੰਜੀਪਤੀਆਂ ਹਵਾਲੇ ਕਰ ਕੇ ਦੇਸ਼ ਦੇ ਲੋਕਾਂ ਨੂੰ ਮੁੜ ਤੋਂ ਗੁਲਾਮੀ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੀ ਆੜ ’ਚ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਜਾ ਰਿਹੈ। ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਦੇਸ਼ ਨੂੰ ਬਲਦੀ ਦੇ ਬੂਥੇ ਵਿੱਚ ਜਾਣ ਤੋਂ ਬਚਾਵੇ। ਉਨ੍ਹਾਂ ਹਰਿਆਣਾ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਨੰਗਲਾ, ਨਿੱਕਾ ਸਿੰਘ ਸੰਗਤੀਵਾਲਾ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਗੁਰਮੀਤ ਸਿੰਘ ਪਸ਼ੌਰ, ਬਲਦੇਵ ਸਿੰਘ, ਕਰਮਜੀਤ ਕੌਰ ਲਹਿਲ ਕਲਾਂ, ਗੁਰਮੇਲ ਕੌਰ ਗਿਦੜਿਆਣੀ ਤੇ ਮਹਿਲਾ ਕਿਸਾਨ ਆਗੂ ਜਸਵਿੰਦਰ ਕੌਰ ਗਾਗਾ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਨੇ 13 ਸਤੰਬਰ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਪਟਿਆਲਾ ਵਿੱਚ ਮੋਤੀ ਮਹਿਲ ਦੇ ਘਿਰਾਓ ਦੇ ਦਿੱਤੇ ਸੱਦੇ ਨੂੰ ਪੂਰਨ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ।
ਖੱਟਰ ਸਰਕਾਰ ਨਤੀਜੇ ਭੁਗਤਣ ਲਈ ਤਿਆਰ ਰਹੇ
ਧੂਰੀ(ਖੇਤਰੀ ਪ੍ਰਤੀਨਿਧ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਨੇੜਲੇ ਪਿੰਡ ਲੱਡਾ ਟੌਲ ਪਲਾਜ਼ਾ ਕੋਲ ਲਾਏ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਧਰਨਾ ਜਸਪਾਲ ਸਿੰਘ ਪੈਧਨੀ ਦੀ ਅਗਵਾਈ ਵਿੱਚ 343 ਦਿਨ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਹਰਿਆਣਾ ਦੀ ਖੱਟਰ ਸਰਕਾਰ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਦੇਵੇ ਤੇ ਕਿਸਾਨਾਂ ਦੀਆਂ ਮੰਗਾਂ ਫੌਰੀ ਮੰਨੇ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਵਾਪਰ ਰਹੀਆਂ ਘਟਨਾਵਾਂ ਪਿੱਛੇ ਕੇਂਦਰ ਸਰਕਾਰ ਦਾ ਹੱਥ ਹੈ। ਉਨ੍ਹਾਂ ਕਿਹਾ ਭਾਜਪਾ ਦਾ ਦੇਸ਼ ਅੰਦਰ ਪਤਨ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਸੁਖਜੀਤ ਸਿੰਘ ਲੱਡਾ, ਖੁਸ਼ਵੰਤ ਸਿੰਘ, ਜਸਪਾਲ ਸਿੰਘ ਪੇਧਨੀ, ਹਰਬੰਸ ਸਿੰਘ ਪੇਧਨੀ, ਹਰਬੰਸ ਸਿੰਘ ,ਰਾਮ ਸਿੰਘ ਕੱਕੜਵਾਲ, ਗੁਰਦੇਵ ਘਨੋਰ, ਕਰਮਜੀਤ ਸਿੰਘ, ਗੁਰਜੀਤ ਸਿੰਘ ਲੱਡਾ, ਬਾਬੂ ਸਿੰਘ ਮੂਲੋਵਾਲ ਹੋਰ ਆਗੂ ਹਾਜ਼ਰ ਸਨ।