ਬੀਰਬਲ ਰਿਸ਼ੀ
ਸ਼ੇਰਪੁਰ, 28 ਸਤੰਬਰ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੋਹਰੀ ਆਗੂ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ 2024 ਕੇਂਦਰ ਵਿੱਚ ‘ਮੋਦੀ’ ਤੇ 2027 ਪੰਜਾਬ ਅੰਦਰ ਭਾਜਪਾ ਦੀ ਨਿਰੋਲ ਸਰਕਾਰ ਆਉਣ ਦਾ ਦਾਅਵਾ ਕੀਤਾ। ਉਨ੍ਹਾਂ ਇੱਕ ਸੁਆਲ ਦੇ ਜਵਾਬ ਦੌਰਾਨ ਸੂਬੇ ਅੰਦਰ ਭਾਜਪਾ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਸੰਭਾਵੀ ਸਿਆਸੀ ਸਾਂਝ ਤੋਂ ਕੋਰਾ ਇਨਕਾਰ ਕਰਦਿਆਂ ਅਕਾਲੀ ਦਲ ਦੀ ਪੰਜਾਬ ਵਿੱਚ ਖੁਰ ਚੁੱਕੀ ਸ਼ਾਖ ਦਾ ਹਵਾਲਾ ਦਿੱਤਾ। ਸ੍ਰੀ ਖੰਨਾ ਪਿੰਡ ਘਨੌਰੀ ਕਲਾਂ ਵਿੱਚ ਸੀਨੀਅਰ ਅਕਾਲੀ ਆਗੂ ਤੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ ਦੇ ਗ੍ਰਹਿ ਵਿੱਚ ‘ਚਾਹ ਦਾ ਕੱਪ’ ਸਾਂਝਾ ਕਰਨ ਆਏ ਸਨ। ਹਲਕਾ ਧੂਰੀ ਦੀ ਨੁਮਾਇੰਦਗੀ ਕਰ ਚੁੱਕੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਇਸ ਇਲਾਕੇ ਅੰਦਰ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਮੋਹਰੀ ਆਗੂਆਂ ਵਜੋਂ ਕੰਮ ਕਰ ਰਹੇ ਆਪਣੇ ਪੁਰਾਣੇ ਸਾਥੀਆਂ ਕੋਲ ਮੀਟਿੰਗ ਦੌਰਾਨ ਬੀਜੇਪੀ ਦੇ ਸੋਹਲੇ ਗਾਏ। ਉਨ੍ਹਾਂ ਕਿਹਾ ਕਿ ਕੈਪਟਨ, ਜਾਖੜ, ਬਲਬੀਰ ਸਿੱਧੂ, ਵੇਰਕਾ ਵਰਗਿਆਂ ਦਾ ਬੀਜੇਪੀ ਵਿੱਚ ਜਾਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ। ਮੀਟਿੰਗ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ, ਸਾਬਕਾ ਚੇਅਰਮੈਨ ਅੱਛਰਾ ਭਲਵਾਨ, ਸਾਬਕਾ ਸਰਪੰਚ ਸੁਖਪਾਲ ਸਿੰਘ ਪੱਪੂ, ਅਕਾਲੀ ਆਗੂ ਡਾਕਟਰ ਜਗਜੀਤ ਸਿੰਘ ਹਾਜ਼ਰ ਸਨ।