ਪੱਤਰ ਪ੍ਰੇਰਕ
ਲਹਿਰਾਗਾਗਾ, 9 ਦਸੰਬਰ
ਅਕਾਲੀ ਦਲ ਡੈਮੋਕ੍ਰੈਟਿਕ ਦੇ ਸੀਨੀਅਰ ਆਗੂ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਤੁਰੰਤ ਇਸਦਾ ਹੱਲ ਕਰਕੇ ਕਿਸਾਨਾਂ ਤੇ ਦੇਸ਼ ਦੇ ਲੋਕਾਂ ’ਚ ਫੈਲ ਰਹੇ ਅਸੰਤੋਸ਼ ਨੂੰ ਖਤਮ ਕੀਤਾ ਜਾਵੇ। ਇਥੇ ਇੱਕ ਸਮਾਜਿਕ ਸਮਾਰੋਹ ਵਿੱਚ ਸ਼ਿਰਕਤ ਕਰਨ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਟਾਲ ਮਟੋਲ ਕਰਕੇ ਲਮਕਾਉਣ ਦੀ ਨੀਤੀ ਬਹੁਤ ਹੀ ਘਾਤਕ ਸਿੱਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਸਲੇ ਕਰਕੇ ਦੇਸ਼ ਅਤੇ ਵਿਦੇਸ਼ਾਂ ’ਚ ਮੋਦੀ ਸਰਕਾਰ ਦੀ ਨਾਕਾਮੀ ਸਾਬਤ ਹੋਣ ਕਰਕੇ ਵਿਰੋਧ ਦੀਆਂ ਆਵਾਜ਼ਾਂ ਬੁਲੰਦ ਹੋ ਰਹੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਬਾਦਲਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਮੋਦੀ ਸਰਕਾਰ ਕਾਰਪੋਰੇਟਰਾਂ ਦੇ ਹੱਕ ’ਚ ਖੇਤੀ ਕਾਨੂੰਨ ਬਣਾ ਰਹੀ ਸੀ ਤਾਂ ਇਹ ਦੋਵੇਂ ਚੁੱਪ ਰਹੇ ਅਤੇ ਜੇ ਉਸੇ ਮੌਕੇ ਆਪਣੀ ਆਵਾਜ਼ ਬੁਲੰਦ ਕਰਦੇ ਤਾਂ ਇਹ ਕਾਨੂੰਨ ਬਣ ਹੀ ਨਹੀਂ ਸਕਦਾ ਸੀ। ਉਨ੍ਹਾਂ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਕਿਸਾਨਾਂ ਦੀ ਮਦਦ ਲਈ ਡਰਾਮੇਬਾਜ਼ੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਡੈਮੋਕਰੇਟਿਕ ਪਾਰਟੀ ਬਗੈਰ ਝੰਡੇ ਤੋਂ ਕਿਸਾਨ ਸੰਘਰਸ਼ ਨੂੰ ਪੂਰਨ ਸਮਰਥਨ ਦੇ ਰਹੀ ਹੈ ਤੇ ਉਹ ਖੁਦ ਦੋ ਵਾਰ ਦਿੱਲੀ ਜਾ ਆਏ ਹਨ ਤੇ ਪਾਰਟੀ ਵਰਕਰ ਅਜੇ ਵੀ ਦਿੱਲੀ ਦੇ ਸੰਘਰਸ਼ ਵਿੱਚ ਡਟ ਕੇ ਕਿਸਾਨ ਸੰਘਰਸ਼ ’ਚ ਸੇਵਾ ਨਿਭਾਅ ਰਹੇ ਹਨ। ਸ਼੍ਰੀ ਢੀਂਡਸਾ ਨੇ ਸ਼੍ਰੋਮਣੀ ਕਮੇਟੀ ਦੀ ਨਵੀਂ ਬਣਾਈ ਪ੍ਰਧਾਨ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਕਮੇਟੀ ’ਚ ਨਿਘਾਰ ਆਉਣ ਕਰਕੇ ਲੋਕਾਂ ਵੱਲੋਂ ਨਕਾਰਿਆਂ ਨੂੰ ਸ਼ੋਮਣੀ ਕਮੇਟੀ ’ਚ ਅੱਗੇ ਲਿਆ ਕੇ ਸਿੱਖਾਂ ਦੇ ਜਖ਼ਮਾਂ ’ਤੇ ਨਮਕ ਭੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰੂਦਵਾਰਾ ਕਮੇਟੀ ਲੋਕਤੰਤਰੀ ਪ੍ਰਣਾਲੀ ਨਾਲ ਚੁਣਨੀ ਚਾਰੀਦੀ ਹੈ ਨਾ ਕਿ ਧੱਕੇ ਨਾਲ ਕਬਜ਼ਾ ਕਰਨ ਦੇਣਾ ਚਾਹੀਦਾ ਹੈ। ਇਸ ਮੌਕੇ ਐਡਵੋਕੇਟ ਅਨਿਲ ਗਰਗ, ਆੜ੍ਹਤੀ ਪ੍ਰਧਾਨ ਸੰਜੈ ਸਿੰਗਲਾ, ਜਸਵੰਤ ਸਿੰਘ ਹੈਪੀ, ਅਸ਼ਵਨੀ ਸ਼ਰਮਾ ਵੀ ਹਾਜ਼ਰ ਸਨ।