ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 7 ਮਾਰਚ
ਪੰਜਾਬ ਦੇ ਪ੍ਰਸਿੱਧ ਗਾਇਕ ਤੇ ਫ਼ਿਲਮ ਅਦਾਕਾਰ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਨੇ ਕਿਹਾ ਕਿ ਦਿੱਲੀ ਵਿੱਚ ਕੀਤਾ ਜਾ ਰਿਹਾ ਕਿਸਾਨੀ ਸੰਘਰਸ਼ 100 ਦਿਨਾਂ ਤੋਂ ਟੱਪ ਗਿਆ ਹੈ ਪਰੰਤੂ ਪਤਾ ਨਹੀਂ ਬੀਜੇਪੀ ਸਰਕਾਰ ਨੂੰ ਦਿਖ ਨਹੀਂ ਰਿਹਾ ਜਾਂ ਮੋਦੀ ਸਰਕਾਰ ਡੈਮੋਕਰੇਸੀ ਨੂੰ ਖ਼ਤਮ ਕਰਕੇ ਡਿਕਟੇਟਰਵਾਦ ਵੱਲ ਵਧਣਾ ਚਾਹੁੰਦੀ ਹੈ ਪਰ ਅਸੀਂ ਕਿਸਾਨੀ ਹੱਕਾਂ ਲਈ ਲਾਮਬੰਦ ਕਰਨ ਲਈ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕਰ ਰਹੇ ਹਾਂ ਤੇ ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਮੋਦੀ ਸਰਕਾਰ ਨੂੰ ਆਖਰ ਕਿਸਾਨੀ ਸੰਘਰਸ਼ ਅੱਗੇ ਝੁਕਣਾ ਹੀ ਪੈਣਾ ਹੈ। ਉਹ ਅੱਜ ਦਿੜ੍ਹਬਾ ਵਿੱੱਚ ਪਿੰਡਾਂ ’ਚ ਦਿੱਲੀ ਦੇ ਕਿਸਾਨੀ ਸੰਘਰਸ਼ ਪ੍ਰਤੀ ਜਾਗਰੂਕ ਕਰਨ ਤੋ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਜਸਵਿੰਦਰ ਸਿੰਘ ਸੁਨਾਮ ਅਤੇ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਦਿੱਲੀ ਵਿੱਚ ਮਨਾਏ ਜਾ ਰਹੇ ਔਰਤ ਦਿਵਸ ਮੌਕੇ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਹੋਵੇਗੀ ਜਿਸ ਸਬੰਧੀ ਦਿੜ੍ਹਬਾ ਬਲਾਕ ਵਿੱਚ ਕਿਸਾਨ ਔਰਤਾਂ ਵੱਲੋਂ ਟਰੈਕਟਰ ਮਾਰਚ ਕੀਤੇ ਗਏ।