ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 13 ਫਰਵਰੀ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਇਥੋਂ ਦੇ ਮਾਤਾ ਮੋਦੀ ਪਾਰਕ ਵਿੱਚ ਮਜ਼ਦੂਰਾਂ ਵੱਲੋਂ ਸਮਾਜਿਕ ਕਾਰਕੁਨ ਨੌਦੀਪ ਕੌਰ ਦੀ ਰਿਹਾਈ ਨੂੰ ਲੈ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਖੂਬ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਵੱਲੋਂ ਕੇਂਦਰ ਸਰਕਾਰ ਦੀ ਅਰਥੀ ਵੀ ਫੂਕੀ ਗਈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਆਗੂ ਘਮੰਡ ਸਿੰਘ ਉਗਰਾਹਾਂ ਤੇ ਬਲਾਕ ਆਗੂ ਬੀਬੀ ਜਸਪਾਲ ਕੌਰ ਜਖੇਪਲ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਯੋਗ ਆਗੂ ਵਜੋਂ ਭੂਮਿਕਾ ਨਿਭਾਅ ਰਹੀ ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਵੱਲੋਂ ਅਣਮਨੁੱਖੀ ਤਸ਼ੱਦਦ ਕਰਨਾ ਅਤਿ ਨਿੰਦਨਯੋਗ ਹੈ। ਬੁਲਾਰਿਆਂ ਨੇ ਪੁਲੀਸ ਕਾਰਵਾਈ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਨੌਦੀਪ ਕੌਰ ਨੂੰ ਤਰੁੰਤ ਰਿਹਾਅ ਕੀਤੇ ਜਾਣ ਦੀ ਮੰਗ ਦੇ ਨਾਲ ਨਾਲ ਤਸ਼ੱਦਦ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਜੋਰਦਾਰ ਢੰਗ ਨਾਲ ਉਠਾਈ।
ਅਮਰਗੜ੍ਹ (ਰਾਜਿੰਦਰ ਜੈਦਕਾ) ਸ਼ਹੀਦ ਬਾਬਾ ਜੀਵਨ ਸਿੰਘ ਫਾਉਂਡੇਸ਼ਨ ਤੇ ਮਜ਼ਦੂਰ ਯੂਨੀਅਨਾਂ ਵੱਲੋਂ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਲਈ ਤੇ ਉਸ ਉਪਰ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਦੋਸ਼ੀ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਬਾਜ਼ਾਰ ਵਿੱਚ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਆਗੂ ਗੁਰਜੀਤ ਸਿੰਘ ਗਿੱਲ, ਗੁਰਦੇਵ ਸਿੰਘ ਸੰਗਾਲਾ, ਪਰਮਜੀਤ ਸਿੰਘ ਬੁਰਜ, ਮਨਮੋਹਨ ਸਿੰਘ ਆਦਿ ਨੇ ਕਿਹਾ ਕਿ ਮਜ਼ਦੂਰ ਅਧਿਕਾਰ ਸੰਗਠਨ ਮੈਂਬਰ ਨੌਦੀਪ ਕੌਰ ਕਿਸਾਨ ਅਦੋਲਨ ਵਿੱਚ ਸਰਗਰਮ ਹੁੰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀ ਸੀ। ਉਹ ਫੈਕਟਰੀ ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਸੀ। ਫੈਕਟਰੀ ਮਾਲਕਾਂ ਦੀ ਸ਼ਹਿ ’ਤੇ ਹੀ ਹਰਿਆਣਾ ਪੁਲੀਸ ਨੇ ਨੌਦੀਪ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ। ਇਹ ਚਾਲਾਂ ਕਿਸਾਨ-ਮਜ਼ਦੂਰ ਸੰਘਰਸ਼ ਨੂੰ ਖਤਮ ਕਰਨ ਲਈ ਕੀਤੀਆਂ ਜਾ ਰਹੀਆਂ ਹਨ ਜਿਸਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਨੌਦੀਪ ਕੌਰ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਇਹ ਮਾਰਚ ਗਿਆਨੀ ਜੈਲ ਸਿੰਘ ਕਲੋਨੀ ਤੋਂ ਸ਼ੁਰੂ ਹੋ ਕੇ ਚੌਂਦਾ ਮੌੜ ਜਾ ਕੇ ਸਮਾਪਤ ਹੋਇਆ।
ਲੌਂਗੋਵਾਲ (ਪੱਤਰ ਪ੍ਰੇਰਕ) ਦਿੱਲੀ ਵਿੱਚ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵੱਖ ਵੱਖ ਟਰੇਡ ਯੂਨੀਅਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਤਿੰਨ ਮਹੀਨਿਆਂ ਤੋਂ ਚਲਾਏ ਜਾ ਰਹੇ ਸੰਘਰਸ਼ ਵਿੱਚ ਕੁੱਦਣ ਵਾਲੀ ਮਜ਼ਦੂਰ ਦਲਿਤ ਆਗੂ ਨੌਦੀਪ ਕੌਰ ਜਿਸ ’ਤੇ ਅਨੇਕਾਂ ਸੰਗੀਨ ਧਾਰਾਵਾਂ ਲਗਾ ਕੇ ਹਰਿਆਣਾ ਪੁਲੀਸ ਨੇ ਅਣਮਨੁੱਖੀ ਤਸ਼ੱਦਦ ਕਰਕੇ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ, ਦੀ ਰਿਹਾਈ ਤੇ ਝੂਠੇ ਪੁਲੀਸ ਕੇਸਾਂ ਨੂੰ ਰੱਦ ਕਰਵਾਉਣ ਲਈ ਲੌਂਗੋਵਾਲ ਇਲਾਕੇ ਦੀਆਂ ਜਨਤਕ, ਜਮਹੂਰੀ ਤੇ ਇਨਕਲਾਬੀ ਜਥੇਬੰਦੀਆਂ ਵੱਲੋਂ ਰੋਹ ਭਰਭੂਰ ਰੋਸ ਮੁਜ਼ਾਹਰਾ ਕਰਕੇ ਹਰਿਆਣਾ ਦੀ ਖੱਟਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੁਲੀਸ ਦੀ ਇਸ ਗੈਰਮਨੁੱਖੀ ਤੇ ਗੈਰ-ਲੋਕਤੰਤਰੀ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਡਾ. ਅੰਬੇਦਕਰ ਯਾਦਗਾਰੀ ਭਵਨ ਕਮੇਟੀ, ਸ਼ਹੀਦ ਭਗਤ ਸਿੰਘ ਮੋਟਰਸਾਈਕਲ ਰੇਹੜੀ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।