ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਫਰਵਰੀ
ਮਜ਼ਦੂਰ ਅਧਿਕਾਰ ਸੰਗਠਨ ਦੀ ਆਗੂ ਨੌਦੀਪ ਕੌਰ ਨੂੰ ਝੂਠੇ ਕੇਸ ’ਚ ਗ੍ਰਿਫਤਾਰ ਕਰਨ, ਤਸ਼ੱਦਦ ਢਾਹੁਣ ਤੇ ਇਸ ਤੋਂ ਇਲਾਵਾ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਹਿੰਦੂਤਵੀ ਮੋਦੀ ਤੇ ਖੱਟਰ ਸਰਕਾਰ ਦੀਆਂ ਪਿੰਡ ਕਾਲਾਝਾੜ ਤੇ ਫੁੰਮਣਵਾਲ ਵਿੱਚ ਮੋਦੀ ਤੇ ਖੱਟਰ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਹਰਿਆਣਾ ਪੁਲੀਸ ਪ੍ਰਸ਼ਾਸਨ ਨੇ ਪਿਛਲੇ ਸਮੇਂ ਦੌਰਾਨ ਨੌਦੀਪ ਕੌਰ ਤੇ ਸੰਗੀਨ ਧਾਰਾਵਾਂ ਤਹਿਤ ਝੂਠਾ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਭਾਰੀ ਤਸ਼ੱਦਦ ਢਾਹਿਆ। ਇਸ ਤੋਂ ਇਲਾਵਾ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਤਿੱਖੇ ਸੰਘਰਸ਼ ਨੂੰ ਦਬਾਉਣ ਲਈ ਕੋਝੀਆਂ ਚਾਲਾਂ ਤਹਿਤ ਮੋਦੀ ਹਕੂਮਤ ਨੇ ਹੱਕ ਮੰਗਦੇ ਕਿਸਾਨਾਂ, ਟਰੇਡ ਯੂਨੀਅਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਨਵਦੀਪ ਕੌਰ ਕੁੰਡਲੀ ਇੰਡਸਟਰੀ ਵਿੱਚ ਮਜਦੂਰਾਂ ਦੀ ਹੱਕੀ ਆਵਾਜ਼ ਬੁਲੰਦ ਕਰਦੀ ਆ ਰਹੀ ਸੀ, ਜਿਸ ਕਾਰਨ ਇੰਡਸਟਰੀ ਮਾਲਕਾਂ ਤੇ ਹਰਿਆਣਾ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਹਿੰਦੂਤਵੀ ਮੋਦੀ ਫਾਸ਼ੀਵਾਦੀ ਹਕੂਮਤ ਲੋਕਾਈ ਲਈ ਅਹਿਮ ਖ਼ਤਰਾ ਬਣ ਚੁੱਕੀ ਹੈ, ਇਸ ਦੇ ਰਾਜ ਵਿੱਚ ਕੌਮਾਂ, ਧਾਰਮਿਕ ਘੱਟ ਗਿਣਤੀਆਂ, ਦਲਿਤ ਆਦਿਵਾਸੀ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਦਾ ਕੇਵਲ ਘਾਣ ਹੀ ਨਹੀਂ ਹੋਇਆ ਬਲਕਿ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ’ਤੇ ਅੰਨ੍ਹਾ ਤਸ਼ੱਦਦ ਢਾਹ ਕੇ ਜੇਲ੍ਹਾਂ ’ਚ ਬੰਦ ਕੀਤਾ ਗਿਆ ਹੈ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ) ਸਰਕਾਰੀ ਕਾਲਜ ’ਚ ਵਿਦਿਆਰਥੀਆਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ’ਚ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ ਤੇ ਹਰਿਆਣਾ ਦੀ ਖੱਟਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਆਗੂ ਜਸਪ੍ਰੀਤ ਕੌਰ ਜੱਸੂ ਤੇ ਸ਼ਾਹਿਦਾ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਦੀ ਸ਼ਹਿ ’ਤੇ ਪੁਲੀਸ ਨੇ ਨੌਦੀਪ ਕੌਰ ਗੰਧੜ ’ਤੇ ਅਣਮਨੁੱਖੀ ਤਸ਼ੱਦਦ ਕਰਕੇ ਤੇ ਝੂਠਾ ਕੇਸ ਦਰਜ ਕਰਕੇ ਜੇਲ੍ਹ ਚ ਬੰਦ ਕੀਤਾ ਹੋਇਆ ਹੈ। ਕੇਂਦਰ ਤੇ ਹਰਿਆਣਾ ਸਰਕਾਰ ਮੋਦੀ ਹਕੂਮਤ ਦੀਆਂ ਨਾਕਾਮੀਆਂ ਖ਼ਿਲਾਫ਼ ਬੋਲਣ ਤੇ ਸੱਤਾ ਤੋਂ ਉਲਟ ਵਿਚਾਰ ਰੱਖਣ ਵਾਲੇ ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁੰਨਾਂ ’ਤੇ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਚ ਬੰਦ ਕਰ ਰਹੀ ਹੈ। ਨੌਦੀਪ ਕੌਰ ਨੇ ਮਜ਼ਦੂਰਾਂ ਦੀ ਲੁੱਟ ਖ਼ਿਲਾਫ਼ ਆਵਾਜ਼ ਉਠਾਈ ਹੈ।
ਪੰਜਾਬੀ ਯੂਨੀਵਰਸਿਟੀ ’ਚ ਨੌਦੀਪ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ
ਪਟਿਆਲਾ (ਰਵੇਲ ਸਿੰਘ ਭਿੰਡਰ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀ ਜਥੇਬੰਦੀਆਂ ਡੈਮੋਕਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਪੰਜਾਬ ਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਮਜ਼ਦੂਰ ਆਗੂ ਨੌਦੀਪ, ਸ਼ਿਵਾ ਤੇ 26 ਜਨਵਰੀ ਦੀ ਘਟਨਾ ਨਾਲ ਸਬੰਧਤ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਰਿਹਾਈ ਲਈ ਰੋਸ ਪ੍ਰਦਰਸਨ ਕਰਕੇ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕੱਤਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪੀਆਰਐੱਸਯੂ ਦੇ ਸੂਬਾਈ ਆਗੂ ਸੰਦੀਪ ਕੌਰ ਤੇ ਡੀਐੱਸਓ ਪੰਜਾਬ ਦੀ ਆਗੂ ਮਨਪ੍ਰੀਤ ਨੇ ਸਾਰੇ ਨੌਜਵਾਨਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜਿਹੜੇ ਵੀ ਨੌਜਵਾਨ ਲਾਲ ਕਿਲੇ ’ਚ ਗਏ ਉਹ ਸਰਕਾਰੀ ਸਾਜਿਸ਼ ਦਾ ਸ਼ਿਕਾਰ ਹੋ ਕੇ ਗਏ ਹਨ। ਦੂਜੇ ਪਾਸੇ ਦਲਿਤ ਤੇ ਮਜ਼ਦੂਰ ਆਗੂ ਨੌਦੀਪ ਤੇ ਸ਼ਿਵਾ ਜੋ ਮਜਦੂਰਾਂ ਦੇ ਹੱਕਾਂ ਲਈ ਲੜ ਰਹੇ ਹਨ, ਨੂੰ ਝੂਠੇ ਪਰਚਿਆਂ ਤਹਿਤ ਗ੍ਰਿਫ਼ਤਾਰ ਕਰਕੇ ਗੈਰਮਨੁੱਖੀ ਵਤੀਰਾ ਅਪਣਾਇਆ ਜਾ ਰਿਹਾ ਹੈ, ਜਿਸਦੀ ਉਹ ਮੰਚ ਤੋਂ ਨਿਖੇਧੀ ਕਰਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਨੌਦੀਪ-ਸ਼ਿਵਾ ਨੌਜਵਾਨਾਂ ਤੇ ਆਗੂਆਂ ’ਤੇ ਪਾਏ ਪਰਚੇ ਤੁਰੰਤ ਰੱਦ ਕੀਤੇ ਜਾਣ। ਆਗੂਆਂ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਸੰਘਰਸ਼ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ ਗਈ।