ਪੱਤਰ ਪ੍ਰੇਰਕ
ਭਵਾਨੀਗੜ੍ਹ, 23 ਸਤੰਬਰ
ਨੇੜਲੇ ਪਿੰਡ ਆਲੋਅਰਖ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਦੀ ਅਗਵਾਈ ਹੇਠ ਕਿਸਾਨ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ ਦੇ ਕਿਸਾਨ ਦੂਜੇ ਵਰਗਾਂ ਨੂੰ ਨਾਲ ਲੈ ਕੇ ਇਸ ਦੀ ਤਿਆਰੀ ਵਿੱਚ ਜੁਟ ਜਾਣ। ਉਨ੍ਹਾਂ ਬੰਦ ਵਾਲੇ ਦਿਨ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਕਿਸਾਨ ਸੰਘਰਸ਼ ਨੂੰ ਭਟਕਾਉਣ ਦੀਆਂ ਖੇਡੀਆਂ ਜਾ ਰਹੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਸ ਮੌਕੇ ਗੁਰਦੀਪ ਸਿੰਘ ਆਲੋਅਰਖ, ਅਜਮੇਰ ਸਿੰਘ, ਦਰਸ਼ਨ ਸਿੰਘ ਸੂਬੇਦਾਰ, ਕੁਲਵਿੰਦਰ ਸਿੰਘ ਫੌਜੀ, ਮੇਵਾ ਸਿੰਘ, ਅਜੈਬ ਸਿੰਘ ਸੰਘਰੇੜੀ, ਜਗਦੇਵ ਸਿੰਘ ਘਰਾਚੋਂ, ਕਸ਼ਮੀਰ ਸਿੰਘ ਘਰਾਚੋਂ, ਕੁਲਵਿੰਦਰ ਸਿੰਘ ਮਾਝਾ ਸਮੇਤ ਕਿਸਾਨ ਆਗੂ ਹਾਜ਼ਰ ਸਨ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਲਹਿਲ ਖੁਰਦ ਕੈਂਚੀਆਂ ਨੇੜੇ ਕਾਰਪੋਰੇਟ ਘਰਾਣਿਆਂ ਦੀ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ 357ਵੇਂ ਦਿਨ ਪੱਕਾ ਮੋਰਚਾ ਜਾਰੀ ਰਿਹਾ। ਧੂਰੀ (ਨਿੱਜੀ ਪੱਤਰ ਪ੍ਰੇਰਕ): 27 ਸਤੰਬਰ ਦੇ ਮੁਕੰਮਲ ਭਾਰਤ ਬੰਦ ਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਨੇ ਧੂਰੀ ਵਪਾਰ ਮੰਡਲ ਧੂਰੀ ਅਤੇ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਅਹੁਦੇਦਾਰਾਂ ਨਾਲ ਸਾਂਝੀ ਮੀਟਿੰਗ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਮੰਗਿਆ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ, ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ, ਚੇਅਰਮੈਨ ਪਵਨ ਕੁਮਾਰ, ਹੰਸ ਰਾਜ ਬਜਾਜ ਆਦਿ ਨੇ ਸਮੂਹ ਵਪਾਰੀਆਂ ਵੱਲੋਂ ਭਰੋਸਾ ਦਿਵਾਇਆ ਕਿ ਸਮੂਹ ਵਪਾਰੀ ਵਰਗ ਕਿਸਾਨੀ ਨਾਲ ਡੱਟ ਕੇ ਖੜਦਿਆਂ 27 ਸਤੰਬਰ ਦੇ ਬੰਦ ਨੂੰ ਮੁਕੰਮਲ ਸਹਿਯੋਗ ਕਰਦਿਆਂ ਸਫ਼ਲ ਬਣਾਉਣਗੇ।
ਲੱਡਾ ਟੌਲ ਪਲਾਜ਼ਾ ’ਤੇ ਕਿਸਾਨੀ ਧਰਨਾ ਜਾਰੀ
ਧੂਰੀ (ਖੇਤਰੀ ਪ੍ਰਤੀਨਿਧ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਟੌਲ ਪਲਾਜ਼ਾ ਕੋਲ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਧਰਨਾ ਹਰਬੰਸ ਸਿੰਘ ਲੱਡਾ ਦੀ ਅਗਵਾਈ ਵਿੱਚ 357 ਦਿਨ ਵੀ ਜਾਰੀ ਰਿਹਾ। ਕਿਸਾਨ, ਮੀਂਹ ਵਿੱਚ ਡਟੇ ਰਹੇ। ਉਨ੍ਹਾਂ ਕਿਹਾ ਕਿ 27 ਸਤੰਬਰ ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਹਰ ਹੀਲਾ ਵਰਤਿਆ ਜਾਵੇਗਾ ਤੇ 24 ਸਤੰਬਰ ਨੂੰ ਪਿੰਡਾਂ ਤੇ ਸ਼ਹਿਰਾਂ ਦੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਭਾਰਤ ਬੰਦ ਤੋਂ ਪਹਿਲਾਂ ਕੇਂਦਰ ਸਰਕਾਰ ਘਬਰਾ ਚੁੱਕੀ ਹੈ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਸੁਖਜੀਤ ਸਿੰਘ ਲੱਡਾ, ਖੁਸ਼ਵੰਤ ਸਿੰਘ, ਜਸਪਾਲ ਸਿੰਘ , ਹਰਬੰਸ ਸਿੰਘ ਪੇਧਨੀ, ਹਰਬੰਸ ਸਿੰਘ ,ਰਾਮ ਸਿੰਘ ਕੱਕੜਵਾਲ, ਗੁਰਦੇਵ ਘਨੋਰ, ਗੁਰਜੀਤ ਸਿੰਘ ਲੱਡਾ, ਕਰਮਜੀਤ ਕੌਰ, ਕਰਨੈਲ ਸਿੰਘ ਧੂਰੀ ਹੋਰ ਆਗੂ ਹਾਜ਼ਰ ਸਨ।
ਪੀਆਰਟੀਸੀ ਰਿਟਾਇਰਡ ਵਰਕਰਜ਼ ਯੂਨੀਅਨ ਵੱਲੋਂ ਬੰਦ ਦਾ ਸਮਰਥਨ
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਬੱਸ ਸਟੈਂਡ ਪਿੱਛੇ ਸੁਤੰਤਰ ਭਵਨ ’ਚ ਪੀਆਰਟੀਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਸੂਬਾਈ ਮੀਟਿੰਗ ਨਿਰਮਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ ’ਚ ਹੋਈ, ਜਿਸ ’ਚ ਸੂਬਾਈ ਆਗੂ ਰਾਮ ਸਰੂਪ ਅਗਰਵਾਲ, ਭਿੰਦਰ ਸਿੰਘ, ਮੁਹੰਮਦ ਖਲੀਲ, ਉਤਮ ਸਿੰਘ ਬਾਗੜੀ, ਸੁਖਦੇਵ ਰਾਮ ਸੁੱਖੀ, ਕੁਲਦੀਪ ਸਿੰਘ ਗਰੇਵਾਲ, ਅਮਰਜੀਤ ਸਿੰਘ, ਮਹਿੰਦਰ ਬਾਗੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਜਥੇਬੰਦੀ ਵੱਲੋਂ 27 ਸਤੰਬਰ ਦੇ ਭਾਰਤ ਬੰਦ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਗੁਰਵਿੰਦਰ ਗੋਲਡੀ ਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਛਲੇ ਦਸ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਡੇਰੇ ਲਾਉਣ ਦੇ ਬਾਵਜੂਦ ਮੋਦੀ ਸਰਕਾਰ ਨੇ ਕਾਰਪੋਰੇਟਰਾਂ ਦੇ ਦਬਾਅ ਹੇਠ ਢੀਠਤਾਈ ਕਰਕੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ। ਜਥੇਬੰਦੀ ਨੇ ਆਪਣੇ ਕਾਰਕੁਨਾਂ ਨੂੰ ਭਾਰਤ ਬੰਦ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।