ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ,9 ਮਾਰਚ
ਸੰਯੁਕਤ ਕਿਸਾਨ ਮੋਰਚਾ ਵੱਲੋਂ 14 ਮਾਰਚ ਦੀ ਦਿੱਲੀ ਮਹਾਪੰਚਾਇਤ ’ਚ ਪੁੱਜਣ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਮਾਲੇਰਕੋਟਲਾ ਇਕਾਈ ਵੱਲੋਂ ਜ਼ਿਲ੍ਹਾ ਆਗੂ ਚਮਕੌਰ ਸਿੰਘ ਹਥਨ ਅਤੇ ਬਲਾਕ ਪ੍ਰਧਾਨ ਮਾਨ ਸਿੰਘ ਸੱਦੋਪੁਰ ਦੀ ਅਗਵਾਈ ਪਿੰਡ ਹਥਨ, ਫੈਜ਼ਗੜ੍ਹ, ਭੈਣੀ ਕਲਾਂ, ਦਲੇਲਗੜ੍ਹ, ਸੱਦੋਪੁਰ ਮਦੇਵੀ, ਬੁਰਜ, ਆਦਮਪਾਲ ਅਤੇ ਨੱਥੋਹੇੜੀ ਵਿੱਚ ਤਿਆਰੀ ਬੈਠਕਾਂ ਕਰ ਕੇ ਕਿਸਾਨਾਂ ਨੂੰ 14 ਮਾਰਚ ਦੀ ਦਿੱਲੀ ਮਹਾਪੰਚਾਇਤ ’ਚ ਸ਼ਾਮਲ ਹੋਣ ਲਈ ਪ੍ਰੇਰਿਆ ਗਿਆ। ਚਮਕੌਰ ਸਿੰਘ ਹਥਨ, ਮਾਨ ਸਿੰਘ ਸੱਦੋਪੁਰ ਅਤੇ ਬਲਵੰਤ ਸਿੰਘ ਭੈਣੀ ਕਲਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜੇਤੂ ਦਿੱਲੀ ਘੋਲ਼ ਦੀਆਂ ਲਟਕਦੀਆਂ ਮੰਗਾਂ ਸਾਰੀਆਂ ਫ਼ਸਲਾਂ ਦੀ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਲੈਣ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ ਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼ਦਿਵਾਉਣ ,ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਲਿਆਉਣ, ਕਿਸਾਨ ਅੰਦੋਲਨ ਦੌਰਾਨ ਬਣਾਏ ਪੁਲਿਸ ਕੇਸ ਵਾਪਸ ਕਰਵਾਉਣ ਲਈ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ। ਆਗੂਆਂ ਕਿਸਾਨਾਂ ਨੂੰ ਦਿੱਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਬੈਠਕਾਂ ਨੂੰ ਸ਼ਮਸ਼ੇਰ ਸਿੰਘ ਗਿੱਲ, ਕਮਲ ਬੁਰਜ, ਹਰਦੀਪ ਸਿੰਘ ਨੱਥੋਹੇੜੀ, ਗੁਰਮੇਲ ਸਿੰਘ ਮਦੇਵੀ ਤੇ ਭਰਪੂਰ ਸਿੰਘ ਫੈਜ਼ਗੜ੍ਹ ਨੇ ਵੀ ਸੰਬੋਧਨ ਕੀਤਾ।