ਪੱਤਰ ਪ੍ਰੇਰਕ
ਸ਼ੇਰਪੁਰ, 25 ਜੁਲਾਈ
ਕਿਰਤੀ ਕਿਸਾਨ ਯੂਨੀਅਨ ਨੇ ਬਲਾਕ ਸ਼ੇਰਪੁਰ ਦੇ ਦੋ ਦਰਜਨ ਤੋਂ ਵੱਧ ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਨੂੰ ਸਿੰਜਾਈ ਸਹੂਲਤ ਨਾਲ ਜੋੜਨ ਲਈ ਇੰਨ੍ਹਾਂ ਪਿੰਡਾਂ ਵਿੱਚੋਂ ਨਹਿਰ ਜਾਂ ਰਜਵਾਹਾ ਕੱਢਣ ਦੀ ਪੈਰਵਈ ਕਰਦਿਆਂ ਪਿੰਡ ਫਰਵਾਹੀ ਤੋਂ ਮੀਟਿੰਗਾਂ ਦਾ ਆਗਾਜ਼ ਕੀਤਾ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੇਕੇਯੂ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਆਗੂ ਜਗਦੀਸ਼ ਸਿੰਘ ਨੇ ਕਿਹਾ ਕੇਕੇਯੂ ਨੇ ਪੂਰੇ ਪੰਜਾਬ ਅੰਦਰ ਸਿੰਜਾਈ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਪਹੁੰਚਦਾ ਕਰਨ ਲਈ ਚੰਡੀਗੜ੍ਹ ’ਚ ਸੂਬਾ ਪੱਧਰੀ ਰੈਲੀ ਕਰਕੇ ਵਿੱਢੇ ਜਾ ਚੁੱਕੇ ਸੰਘਰਸ਼ ਦੀ ਲੜੀ ਵਜੋਂ ਬਲਾਕ ਸ਼ੇਰਪੁਰ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੀ ਇਸ ਹੱਕੀ ਮੰਗ ਲਈ ਤਿੱਖੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਲਈ ਲਾਮਬੰਦੀ ਦੀ ਸ਼ੁਰਆਤ ਕੀਤੀ ਹੈ।