ਪੱਤਰ ਪ੍ਰੇਰਕ
ਲਹਿਰਾਗਾਗਾ, 20 ਅਗਸਤ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੰਡ ਹੇੜੀਕੇ ’ਚ 25 ਅਗਸਤ ਨੂੰ ਪੰਚਾਇਤੀ ਜ਼ਮੀਨ ’ਚ ਝੰਡਾ ਚਾੜ੍ਹਨ ਦੇ ਸੱਦੇ ਤਹਿਤ ਬਲਾਕ ਲਹਿਰਾਗਾਗਾ-ਦਿੜ੍ਹਬਾ ਵਿੱਚ ਤਿਆਰੀ ਮੀਟਿੰਗਾਂ ਕੀਤੀਆਂ ਗਈਆਂ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਬਿੱਕਰ ਸਿੰਘ ਹਥੋਆ ਅਤੇ ਗੁਰਦਾਸ ਸਿੰਘ ਜਲੂਰ ਨੇ ਦੱਸਿਆ ਕਿ ਪਿੰਡ ਹੇੜੀਕੇ ਦੇ ਐਸਸੀ ਭਾਈਚਾਰੇ ਨੂੰ ਜ਼ਮੀਨ ਦਾ ਹੱਕ ਦਿਵਾਉਣ ਅਤੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਡੰਮੀ ਬੋਲੀ ਖ਼ਿਲਾਫ਼ ਬਲਾਕ ਦੇ ਪਿੰਡ ਜਲੂਰ, ਭੁਟਾਲ ਕਲਾਂ, ਸ਼ਾਦੀਹਰੀ, ਸਮੂਰਾਂ, ਬਿਜਲਪੁਰ ,ਰਾਏਧਰਾਣਾ, ਢੰਡੋਲੀ ਕਲਾਂ, ਘੋੜੇਨਾਵ ਆਦਿ ਪਿੰਡਾਂ ਦੇ ਸਰਗਰਮ ਕਾਰਕੁਨਾਂ ਦੀ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਹੇੜੀਕੇ ਦੀ ਪੰਚਾਇਤੀ ਜ਼ਮੀਨ ਦਾ ਹੱਕ ਉੱਥੋਂ ਦੇ ਦਲਿਤਾਂ ਨੂੰ ਦਿਵਾਉਣ ਲਈ ਪਿੰਡ ਹੇੜੀਕੇ ਦੀ ਪੰਚਾਇਤੀ ਜ਼ਮੀਨ ’ਚ 25 ਅਗਸਤ ਨੂੰ ਕਬਜ਼ਾ ਕਰਕੇ ਝੰਡਾ ਚਾੜ੍ਹਿਆ ਜਾਵੇਗਾ, ਜਿਸ ਦੀ ਤਿਆਰੀ ਲਈ ਬਲਾਕ ਲਹਿਰਾਗਾਗਾ ਦਿੜ੍ਹਬਾ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਨ ਉਪਰੰਤ ਫ਼ੈਸਲਾ ਕੀਤਾ ਗਿਆ ਕਿ ਬਲਾਕ ਵਿਚੋਂ ਵੱਡੀ ਗਿਣਤੀ ਲੋਕ 25 ਅਗਸਤ ਨੂੰ ਪਿੰਡ ਹੇੜੀਕੇ ਪਹੁੰਚਣਗੇ। ਇਸ ਤੋਂ ਬਿਨਾਂ ਵਾਹੀਯੋਗ ਜ਼ਮੀਨਾਂ ਵਿੱਚ ਬੂਟੇ ਲਾਉਣ ਦੀ ਨਿਖੇਧੀ ਕੀਤੀ ਗਈ। ਜਥੇਬੰਦੀ ਨੇ ਐਲਾਨ ਕੀਤਾ ਕਿ ਐੱਸਸੀ ਭਾਈਚਾਰੇ ਦੀ ਕਿਸੇ ਵੀ ਜ਼ਮੀਨ ਉੱਪਰ ਦਰੱਖਤ ਨਹੀਂ ਲਗਾਉਣ ਦਿੱਤੇ ਜਾਣਗੇ।