ਪੱਤਰ ਪ੍ਰੇਰਕ
ਲੌਂਗੋਵਾਲ, 4 ਜੂਨ
ਨਸ਼ਾ ਵਿਰੋਧੀ ਫ਼ਰੰਟ ਇਲਾਕਾ ਲੌਂਗੋਵਾਲ ਵੱਲੋਂ ਮਾਰੂ ਨਸ਼ੇ ਚਿੱਟੇ ਅਤੇ ਟੀਕਿਆਂ ਦੀ ਰੋਕਥਾਮ ਲਈ ਵਿੱਢੀ ਮੁਹਿਮ ਤਹਿਤ ਵਡਿਆਣੀ ਪੱਤੀ ਸਮੇਤ ਵੱਖ-ਵੱਖ ਖੇਤਰਾਂ ’ਚ ਨਸ਼ਿਆਂ ਖ਼ਿਲਾਫ ਡਟਣ ਲਈ ਲਾਮਬੰਦ ਕੀਤਾ ਗਿਆ। ਦੋ ਮਹੀਨਿਆਂ ਤੋਂ ਇਸ ਨਾਜ਼ੁਕ ਮਸਲੇ ’ਤੇ ਫ਼ਰੰਟ ਵੱਲੋਂ ਲਗਾਤਾਰ ਪੁਲੀਸ ਪ੍ਰਸ਼ਾਸਨ, ਇਲਾਕਾ ਨਿਵਾਸੀਆਂ ਤੋਂ ਇਲਾਵਾ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਨੌਜਵਾਨਾਂ ਨੂੰ ਇਸ ਕੋਹੜ ਚੋਂ ਬਾਹਰ ਕੱਢਣ ਲਈ ਨਸ਼ਾ ਵਿਰੋਧੀ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ। ਨੌਜਵਾਨਾਂ ਅਤੇ ਸਮਾਜ ਨੂੰ ਭਿਆਨਕ ਤਬਾਹੀ ਵੱਲ ਧੱਕ ਰਹੇ ਸਮਾਜ ਵਿਰੋਧੀ ਅਨਸਰਾਂ ਅਤੇ ਤਸਕਰਾਂ ਖਿਲਾਫ ਕਾਨੂੰਨੀ ਸਿਕੰਜ਼ਾ ਕਸਣ ਲਈ ਲੋਕ ਲਾਮਬੰਦੀ ਕਰਨ ਦੇ ਫੈਸਲੇ ਤਹਿਤ ਕਨਵੀਨਰ ਡਾ. ਮੁਨੀਸ਼ ਸ਼ੈਲੂ, ਜੁਝਾਰ ਲੌਂਗੋਵਾਲ, ਬਲਵੀਰ ਚੰਦ ਲੌਂਗੋਵਾਲ ਦੀ ਅਗਵਾਈ ਹੇਠ ਇਕੱਤਰਤਾ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਨਸ਼ਾ ਤਸਕਰਾਂ ਦੇ ਸਮਾਜਿਕ ਬਾਈਕਾਟ, ਉਨ੍ਹਾਂ ਖ਼ਿਲਾਫ਼ ਪੁਲੀਸ ਕਾਰਵਾਈ ਕਰਨ, ਜਾਇਦਾਦਾਂ ਜ਼ਬਤ ਕਰਨ ਦੀ ਮੰਗ ਤੋਂ ਇਲਾਵਾ ਪੀੜਤ ਨੌਜਵਾਨਾਂ ਦੇ ਸਰਕਾਰੀ ਹਸਪਤਾਲ ਲੌਂਗੋਵਾਲ’ ’ਚ ਮੁਫ਼ਤ ਇਲਾਜ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।