ਬੀਰਬਲ ਰਿਸ਼ੀ
ਸ਼ੇਰਪੁਰ, 28 ਜੁਲਾਈ
ਡੂੰਘੇ ਹੋ ਰਹੇ ਪਾਣੀਆਂ ਦੇ ਮੱਦੇਨਜ਼ਰ ਹੁਣ ਕਿਰਤੀ ਕਿਸਾਨ ਯੂਨੀਅਨ ਬਲਾਕ ਸ਼ੇਰਪੁਰ ਦੇ ਡਾਰਕ ਜ਼ੋਨ ’ਚ ਮੰਨੇ ਜਾਂਦੇ ਪਿੰਡਾਂ ਦੇ ਖੇਤਾਂ ਲਈ ਨਹਿਰੀ ਪਾਣੀ ਦੀ ਸਹੂਲਤ ਲਈ ਵਕਾਲਤ ਕਰਦਿਆਂ ਪਿੰਡ ਘਨੌਰ ਕਲਾਂ ’ਚ ਭਰਵੀਂ ਮੀਟਿੰਗ ਕੀਤੀ ਗਈ। ਨਹਿਰੀ ਪਾਣੀ ਦੀ ਸਹੂਲਤ ਲਈ ਦੋ ਦਿਨ ਪਹਿਲਾਂ ਹੀ ਕਿਰਤੀ ਕਿਸਾਨ ਯੂਨੀਅਨ ਪਿੰਡ ਫਰਵਾਹੀ ਤੋਂ ਸੰਘਰਸ਼ ਦੀ ਸ਼ੁਰੂਆਤ ਹੋ ਚੁੱਕੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਆਏ ਦਿਨ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਤੇ ਇਹ ਪ੍ਰਕਿਰਿਆ ਪੰਜਾਬ ਦੇ ਮਾਰੂਥਲ ਬਣ ਜਾਣ ਦੇ ਸੰਭਾਵੀ ਖਤਰਿਆਂ ਵੱਲ ਇਸ਼ਾਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਹਿਰੀ ਪਾਣੀ ਦੀ ਸਹੂਲਤ ਕਿਸਾਨਾਂ ਨੂੰ ਦਿਵਾਉਣ ਲਈ ਸੰਘਰਸ਼ ਦੇ ਰਾਹ ਪਈ ਕਿਸਾਨ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਬਲਾਕ ਸ਼ੇਰਪੁਰ ਦੇ ਡਾਰਕ ਜ਼ੋਨ ਮੰਨੇ ਜਾਂਦੇ ਪਿੰਡਾਂ ਵਿੱਚ ਨਹਿਰੀ ਪਾਣੀ ਲਈ ਕਿਸਾਨਾਂ ਦੀ ਵਿਸ਼ਾਲ ਲਾਮਬੰਦੀ ਕਰਕ ੇ ਸੰਘਰਸ਼ ਵਿੱਚ ਨਿੱਤਰੇਗੀ।
ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ ਘਨੌਰ ,ਰਣਧੀਰ ਸਿੰਘ ਜਹਾਂਗੀਰ, ਸਰਪੰਚ ਭੀਲਾ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇਕਬਾਲ ਸਿੰਘ, ਨਿਰਮਲ ਸਿੰਘ ਸਮੇਤ ਇਕੱਤਰ ਕਿਸਾਨਾਂ ਨੇ ਇਸ ਲੋਕ ਪੱਖੀ ਕਾਰਜ ਲਈ ਜਥੇਬੰਦੀ ਦਾ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ। ਇਸ ਮੀਟਿੰਗ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਕਸ਼ਮੀਰ ਸਿੰਘ, ਰਣਧੀਰ ਸਿੰਘ ਜਹਾਂਗੀਰ ਪ੍ਰਿੰਸ ਦੂਲਟ ਆਦਿ ਨੇ ਵੀ ਸੰਬੋਧਨ ਕੀਤਾ।