ਪੱਤਰ ਪ੍ਰੇਰਕ
ਘਨੌਰ, 11 ਅਗਸਤ
ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਲੋਕਾਂ ਨੂੰ ਬੂਟੇ ਵੰਡ ਕੇ ਕੀਤੀ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਆਖਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਚਲਾਈ ਗਈ ਇਸ ਮੁਹਿੰਮ ਤਹਿਤ ਹਲਕਾ ਘਨੌਰ ਵਿੱਚ 50 ਹਜਾਰ ਬੂਟੇ ਅਤੇ 115 ਤ੍ਰਿਵੈਣੀਆਂ ਲਗਾਈਆ ਜਾਣਗੀਆਂ। ਇਸੇ ਦੌਰਾਨ ਇਥੋਂ ਨੇੜਲੇ ਪਿੰਡ ਸੂਹਰੋਂ ਵਿੱਚ ਸਿੱਖ ਸਦਭਾਵਨਾ ਸੰਸਥਾ ਵੱਲੋਂ ਇਸ ਦੇ ਆਗੂ ਬਾਬਾ ਬਲਵਿੰਦਰ ਸਿੰਘ ਸੂਹਰੋਂ ਦੀ ਅਗਵਾਈ ਵਿੱਚ ਸਵਾਮੀ ਡਾਕਟਰ ਰਾਜੇਸ਼ਵਰਾ ਆਨੰਦ ਆਯੂਰਵੈਦਿਕ ਵੱਲੋਂ ਅਰੰਭੀ ਗਈ ਵਾਤਾਵਰਣ ਦੀ ਸ਼ੁੱਧਤਾ ਲਈ ਹਰਿਆਵਲ ਮੁਹਿੰਮ ਤਹਿਤ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਥਾਣਾ ਖੇੜੀ ਗੰਡਿਆਂ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਅਤੇ ਸਰਕਾਰੀ ਮਿਡਲ ਸਮਾਰਟ ਸਕੂਲ ਸੂਹਰੋਂ ਦੀ ਮੁੱਖ ਅਧਿਆਪਕਾ ਪੰਕਜ ਸ਼ਰਮਾ ਨੇ ਸਕੂਲ ਦੇ ਅਹਾਤੇ ਵਿੱਚ ਪੌਦੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ।
ਲਹਿਰਾਗਾਗਾ (ਪੱਤਰ ਪ੍ਰੇਰਕ): ਸਥਾਨਕ ਸੇਵਾ ਕੇਂਦਰ ਵਿੱਚ ਤਹਿਸੀਲਦਾਰ ਪ੍ਰਵੀਨ ਸਿੰਗਲਾ, ਨਾਇਬ ਤਹਿਸੀਲਦਾਰ ਗੁਰਨੈਬ ਸਿੰਘ, ਜੀਪੀਐਫ ਦੇ ਪ੍ਰਧਾਨ ਤੇ ਸਮਾਜ ਸੇਵਕ ਸੰਜੀਵ ਕੁਮਾਰ (ਰੋਡਾ) ਤੇ ਸੇਵਾ ਕੇਂਦਰ ਦੇ ਇੰਚਾਰਜ ਭੂਸ਼ਣ ਬਾਂਸਲ ਵੱਲੋ ਸਾਂਝੇ ਤੌਰ ’ਤੇ ਸੇਵਾ ਕੇਂਦਰ ਦੇ ਪਿਛਲੇ ਪਾਸੇ ਬਣੇ ਪਾਰਕ ਵਿੱਚ ਬੂਟੇ ਲਾਏ ਗਏ।
ਐੱਸਡੀਐੱਮ ਵੱਲੋਂ ਜੀਓਜੀ ਨੂੰ ਬੂਟੇ ਲਾਉਣ ਲਈ ਜਾਗਰੂਕਤਾ ਫੈਲਾਉਣ ਦੀ ਹਦਾਇਤ
ਦੇਵੀਗੜ੍ਹ (ਪੱਤਰ ਪ੍ਰੇਰਕ): ਤਹਿਸੀਲ ਦੂਧਨਸਾਧਾਂ ਤਹਿਤ ਜੀਓਜੀ ਦੀ ਮੀਟਿੰਗ ਤਹਿਸੀਲ ਹੈੱਡ ਕਰਨਲ ਮਾਨ ਸਿੰਘ ਸਿੱਧੂ ਦੀ ਅਗਵਾਈ ਵਿੱਚ ਐੱਸਡੀਐੱਮ ਦੂਧਨਸਾਧਾਂ ਕ੍ਰਿਪਾਲਵੀਰ ਸਿੰਘ ਨਾਲ ਨਹਿਰੀ ਅਰਾਮ ਘਰ ਦੇਵੀਗੜ੍ਹ ਵਿੱਚ ਐੱਸਡੀਐੱਮ ਦੇ ਦਫਤਰ ਵਿਖੇ ਹੋਈ। ਇਸ ਮੌਕੇ ਐੱਸਡੀਐੱਮ ਨੇ ਸਮੂਹ ਜੀਓਜੀ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਜਾ ਕੇ ਪੰਚਾਇਤਾਂ ਨੂੰ ਫਿਰਨੀਆਂ ਅਤੇ ਸੜਕਾਂ ਕਿਨਾਰੇ ਵੱਧ ਤੋਂ ਵੱਧ ਬੂਟੇ ਅਤੇ ਬੂਟਿਆਂ ਦੁਆਲੇ ਜੰਗਲੇ ਲਗਾਉਣ ਲਈ ਪ੍ਰੇਰਿਤ ਕਰਨ।