ਪੱਤਰ ਪ੍ਰੇਰਕ
ਲਹਿਰਾਗਾਗਾ, 10 ਸਤੰਬਰ
ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਅੱਜ ਸੂਬੇ ਵਿੱਚ ਨਵੇਂ ਲੱਗ ਰਹੇ ਸ਼ੈਲਰਾਂ ਦੇ ਮਾਮਲੇ ਨੂੰ ਲੈ ਕੇ ਸੂਬੇ ਦੇ ਖੁਰਾਕ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।
ਇਸ ਮੁਲਾਕਾਤ ਦੌਰਾਨ ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੇ ਪੰਜਾਬ ਅੰਦਰ ਨਵੇਂ ਲੱਗ ਰਹੇ ਸ਼ੈਲਰਾਂ ਦੇ ਮਾਲਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਭਾਗ ਦੇ ਮੰਤਰੀ ਨਾਲ ਚਰਚਾ ਕੀਤੀ ਅਤੇ ਪੰਜਾਬ ਅੰਦਰ ਆ ਰਹੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸੂਬਾ ਸਰਕਾਰ ਵੱਲੋਂ ਸ਼ੈਲਰ ਇੰਡਸਟਰੀ ਲਈ ਨਵੀਂ ਨੀਤੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਵਿਧਾਇਕ ਨੇ ਦੱਸਿਆ ਕਿ ਮੰਤਰੀ ਦੇ ਧਿਆਨ ਵਿੱਚ ਕਮੀਆਂ ਨੂੰ ਲਿਆਂਦਾ ਗਿਆ ਹੈ ਤੇ ਮੰਤਰੀ ਨੇ ਜਲਦੀ ਹੀ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਹੈ। ਇਕੱਲੇ ਲਹਿਰਾਗਾਗਾ ਵਿੱਚ 60 ਦੇ ਕਰੀਬ ਸ਼ੈਲਰ ਹਨ।