ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 18 ਜੁਲਾਈ
ਹਲਕਾਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਅੱਜ ਇੱਥੇ ਹੋਮ ਫਾਰ ਬਲਾਈਂਡ ਐਂਡ ਡਿਸਏਬਲਡ ਦਾ ਦੌਰਾ ਕੀਤਾ। ਉਨ੍ਹਾਂ ਵਿਕਲਾਂਗ ਵਿਦਿਆਰਥੀਆਂ ਤੇ ਪ੍ਰਬੰਧਕੀ ਕਮੇਟੀ ਦੇ ਮਸਲੇ ਸੁਣੇ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਅਦਾਰੇ ’ਚ ਪੜ੍ਹ ਰਹੇ ਜ਼ਰੂਰਤਮੰਦ ਦਿਵਿਆਂਗ ਤੇ ਵਿਕਲਾਂਗ ਵਿਦਿਆਰਥੀਆਂ ਦੀ ਮਦਦ ਲਈ ਸਮਾਜ ਸੇਵੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਭਰੋਸਸਾ ਦਿਵਾਇਆ ਕਿ ਪੰਜਾਬ ਸਰਕਾਰ ਹੋਮ ਫ਼ਾਰ ਬਲਾਈਂਡ ਦੀ ਹਰ ਤਰ੍ਹਾਂ ਦੀ ਸਹਾਇਤਾ ਕਰੇਗੀ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਉਸਮਾਨ ਸਿੱਦੀਕੀ ਨੇ ਦੱਸਿਆ ਕਿ ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਇਸ ਅਦਾਰੇ ਵਿੱਚ ਨਵੇਂ ਦਾਖ਼ਲੇ ਚੱਲ ਰਹੇ ਹਨ। ਕਿਸੇ ਵੀ ਵਿਦਿਆਰਥੀ ਤੋਂ ਕੋਈ ਵੀ ਪੜ੍ਹਾਈ, ਰਿਹਾਇਸ਼ ਅਤੇ ਖਾਣੇ ਦਾ ਖ਼ਰਚਾ ਨਹੀਂ ਲਿਆ ਜਾਂਦਾ। ਉਨ੍ਹਾਂ ਵਿਦਿਆਰਥੀਆਂ ਦੀਆਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰਾਸ਼ਿਦ ਸ਼ੇਖ ,ਅਬਦੁਲ ਹਲੀਮ , ਨਿਸਾਰ ਅਹਿਮਦ ਥਿੰਦ, ਪ੍ਰਕਾਸ਼ ਗੋਗੀਆ, ਜਾਫਰ ਅਲੀ, ਹਾਕਮ ਸਿੰਘ ਰਾਣੂ, ਵਿਜੰਤ ਜੈਨ, ਹਰੀਸ਼ , ਮੋਹਨ ਲਾਲ ਸੈਣੀ, ਜਗਤ ਸਿੰਘ ਠਾਕੁਰ ਅਤੇ ਮੁਹੰਮਦ ਸਮਸ਼ਾਦ ਹਾਜ਼ਰ ਸਨ।