ਲਹਿਰਾਗਾਗਾ (ਪੱਤਰ ਪ੍ਰੇਰਕ): ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੇ ਅੱਜ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਜੀਤ ਸਿੰਘ ਨਿੱਝਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਿਧਾਇਕ ਨੇ ਲਹਿਰਾਗਾਗਾ, ਮੂਨਕ ਅਤੇ ਖਨੌਰੀ ਵਿੱਚ ਜੇਈ ਲਗਾਉਣ ਦੀ ਮੰਗ ਕੀਤੀ। ਉੱਥੇ ਹੀ ਉਨ੍ਹਾਂ ਨੇ ਇਨ੍ਹਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਅਤੇ ਪਾਣੀ ਦੀ ਨਿਕਾਸੀ ਬਾਰੇ ਵੀ ਖੁੱਲ੍ਹੀ ਵਿਚਾਰ ਚਰਚਾ ਕੀਤੀ। ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਜੀਤ ਸਿੰਘ ਨਿੱਝਰ ਨੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਇਨ੍ਹਾਂ ਇਲਾਕਿਆਂ ਦੀਆਂ ਮੰਡੀਆਂ ਤੇ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦਾ ਦੌਰਾ ਕਰਨਗੇ ਅਤੇ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਥਾਨਕ ਸਰਕਾਰਾਂ ਮੰਤਰੀ ’ਤੋ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਉਣ ਨੂੰ ਪਹਿਲ ਦੇਣ ਦੀ ਮੰਗ ਕੀਤੀ ਕਿਉਕਿ ਬਾਰਿਸ਼ਾ ਕਰਕੇ ਸੜਕਾਂ ’ਤੇ ਪਾਣੀ ਖੜ੍ਹ ਜਾਂਦਾ ਹੈ ਤੇ ਰਾਹਗੀਰਾਂ ਨੂੰ ਲੰਘਣ ’ਚ ਦਿੱਕਤ ਆਉਂਦੀ ਹੈ। ਜੇਈ ਦੀ ਘਾਟ ਕਰਕੇ ਵਿਕਾਸ ਕੰਮ ਰੁਕੇ ਪਏ ਹਨ।