ਹਰਦੀਪ ਸਿੰਘ ਸੋਢੀ/ਪਵਨ ਵਰਮਾ
ਧੂਰੀ, 7 ਮਈ
ਕਰੋਨਾ ਲਾਗ ਦੇ ਵੱਧ ਰਹੇ ਪ੍ਰਭਾਵ ਦੌਰਾਨ ਐਂਬੂਲੈਂਸ ਦੀ ਲੋੜ ਨੂੰ ਪੂਰਾ ਕਰਨ ਦੇ ਮਕਸਦ ਨਾਲ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਯਤਨਾ ਸਦਕਾ ਅੱਜ ਸਥਾਨਕ ਸਿਵਲ ਹਸਪਤਾਲ ਨੂੰ 2 ਐਂਬੂਲੈਂਸਾਂ ਮੁਹੱਈਆ ਕਰਵਾਈਆਂ ਗਈਆਂ ਹਨ। ਅਨੇਕਾਂ ਸਿਹਤ ਸਹੂਲਤਾਂ ਨਾਲ ਲੈਸ ਇਨ੍ਹਾਂ ਐਂਬੂਲੈਂਸਾਂ ਦੀਆਂ ਚਾਬੀਆਂ ਐੱਸ.ਡੀ.ਐੱਮ ਧੂਰੀ ਲਤੀਫ ਅਹਿਮਦ ਤੇ ਡੀਐੱਸਪੀ ਧੂਰੀ ਪਰਮਜੀਤ ਸਿੰਘ ਦੀ ਮੌਜੂਦਗੀ ਵਿਚ ਸਿਵਲ ਹਸਪਤਾਲ ਦੀ ਐੱਸ.ਐੱਮ.ਓ ਰਿਸ਼ਮਾ ਭੌਰਾ ਨੂੰ ਸੌਂਪਦਿਆਂ ਵਿਧਾਇਕ ਗੋਲਡੀ ਨੇ ਕਿਹਾ ਕਿ ਕਰੋਨਾ ਲਾਗ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਆਸ਼ੀਰਵਾਦ ਫਾਊਡੇਸ਼ਨ ਅਤੇ ਪਰਮਾਤਮਾ ਦੇਵੀ ਟਰੱਸਟ ਦੇ ਸਹਿਯੋਗ ਨਾਲ ਇਹ 2 ਐਂਬੂਲੈਂਸਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਐਂਬੂਲੈਂਸਾਂ ਦੇ ਡਰਾਈਵਰਾਂ ਤੋਂ ਲੈ ਕੇ ਤੇਲ ਤੱਕ ਦਾ ਖਰਚਾ ਉਨ੍ਹਾਂ ਵੱਲੋਂ ਆਪਣੀ ਤਨਖਾਹ ’ਚੋਂ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ 90160-00032 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਾਕਟਰੀ ਤੇ ਪ੍ਰਸ਼ਾਸਨਿਕ ਅਮਲੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।