ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਮਈ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸਥਾਨਕ ਸ਼ਹਿਰ ਦੀ ਸ਼ਿਵਮ ਕਲੋਨੀ ਵਿੱਚ ਜਲ ਸਪਲਾਈ ਦੀ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਵਿਧਾਇਕ ਨੇ ਕਹੀ ਨਾਲ ਟੱਕ ਲਗਾ ਕੇ ਪਾਈਪਲਾਈਨ ਪਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਸ਼ਿਵਮ ਕਲੋਨੀ ਵਿਚ ਪਾਣੀ ਦੀ ਸਪਲਾਈ ਲਈ ਪਾਈਪਲਾਈਨ ਪਾਉਣ ਦਾ ਕੰਮ ਹੋਣ ਵਾਲਾ ਸੀ। ਕਲੋਨੀ ਵਾਸੀਆਂ ਦੀ ਮੰਗ ’ਤੇ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਇਹ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਭਰਾਜ ਨੇ ਕਿਹਾ ਕਿ ਜਲ ਸਪਲਾਈ ਲਈ ਪਾਈਪ ਪਾਉਣ ਦਾ ਕੰਮ ਮੁਕੰਮਲ ਹੋਣ ਮਗਰੋਂ ਕਲੋਨੀ ਦੇ ਵਸਨੀਕਾਂ ਨੂੰ ਸਾਫ਼ ਅਤੇ ਸ਼ੁੱਧ ਪਾਣੀ ਦੀ ਸਹੂਲਤ ਮਿਲੇਗੀ। ਵਿਧਾਇਕ ਭਰਾਜ ਵਲੋਂ ਕਲੋਨੀ ਵਿਚ ਪਾਣੀ ਲਈ ਨਵੇਂ ਲੱਗਣ ਵਾਲੇ ਟਿਊਬਵੈੱਲ ਦੀ ਥਾਂ ਦਾ ਵੀ ਜਾਇਜ਼ਾ ਲਿਆ ਗਿਆ। ਇਸ ਮੌਕੇ ਕਲੋਨੀ ਦੇ ਵਸਨੀਕਾਂ ਵਲੋਂ ਵਿਧਾਇਕ ਨੂੰ ਸਨਮਾਨਿਤ ਕਰਦਿਆਂ ਇਸ ਕਾਰਜ ਲਈ ਧੰਨਵਾਦ ਕੀਤਾ ਗਿਆ।