ਨਿਜੀ ਪੱਤਰ ਪ੍ਰੇਰਕ
ਸੰਗਰੂਰ, 10 ਅਗਸਤ
ਮਹਿਲਾਵਾਂ ਨੂੰ ਆਪਣੇ ਵਿਰੁੱਧ ਹੋਣ ਵਾਲੀ ਹਿੰਸਾ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਵਧੀਕੀ ਬਾਰੇ ਕਾਨੂੰਨੀ ਮਦਦ ਲੈਣ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਅੱਜ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਥਾਨਕ ਪੰਚਾਇਤ ਭਵਨ ਦੀ ਇਮਾਰਤ ’ਚ ਚੱਲ ਰਹੇ ਮਹਿਲਾ ਸੈੱਲ ਨੂੰ ਮਹਿਲਾ ਥਾਣੇ ’ਚ ਅਪਗ੍ਰੇਡ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਕੰਮ-ਕਾਜ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮਹਿਲਾਵਾਂ ਨੂੰ ਸੁਖਾਲੀ ਤੇ ਜਲਦ ਕਾਨੂੰਨੀ ਮਦਦ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇਗੀ ਜਿਸ ਲਈ ਮਹਿਲਾ ਥਾਣੇ ’ਚ ਹੀ ਹੁਣ ਪਰਚਾ/ਐਫ਼.ਆਈ.ਆਰ. ਦਰਜ ਕੀਤੀ ਜਾਣੀ ਸ਼ੁਰੂ ਕਰਵਾਈ ਗਈ ਹੈ। ਵਿਧਾਇਕ ਨੇ ਦੱਸਿਆ ਕਿ ਮਹਿਲਾ ਥਾਣੇ ਅੰਦਰ ਔਰਤਾਂ ਦੀ ਸੇਵਾ ’ਚ ਜ਼ਿਆਦਾਤਰ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ. ਜਸਬੀਰ ਸਿੰਘ, ਡੀ.ਐਸ.ਪੀ. ਰੁਪਿੰਦਰ ਕੌਰ, ਡੀ.ਐਸ.ਪੀ. ਸੁਖਰਾਜ ਸਿੰਘ, ਮਹਿਲਾ ਥਾਣਾ ਮੁਖੀ ਸੁਖਵਿੰਦਰ ਕੌਰ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨਵਨੀਤ ਕੌਰ ਵੀ ਹਾਜ਼ਰ ਸਨ।