ਪੱਤਰ ਪ੍ਰੇਰਕ
ਲਹਿਰਾਗਾਗਾ, 14 ਮਈ
ਸਰਕਾਰੀ ਸੀਨੀਅਰ ਗਰਲਜ਼ ਸਕੂਲ ਲਹਿਰਾਗਾਗਾ ਨਾਲ ਜੁੜੇ ਪਿੰਡ ਗਾਗਾ, ਅੜਕਵਾਸ, ਲਦਾਲ ਦੇ ਅਧਿਆਪਕ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਮਸਲੇ ਦੇ ਸਬੰਧ ਵਿਚ ਅੱਜ ਲਹਿਰਾਗਾਗਾ ਹਲਕੇ ਦੇ ਵਿਧਾਇਕ ਬਰਿੰਦਰ ਗੋਇਲ ਨੂੰ ਮਿਲੇ। ਉਨ੍ਹਾਂ ਵਿਧਾਇਕ ਇਸ ਮਸਲੇ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਅਧਿਆਪਕਾਂ ਨੇ ਕਿਹਾ ਕਿ ਡੀ ਡੀ ਪਾਵਰਾਂ ਦੇ ਅੜਿੱਕੇ ਕਾਰਨ ਇਹ ਸੱਮਸਿਆ ਪੈਦਾ ਹੋਈ ਹੈ। ਅਧਿਆਪਕਾਂ ਨੇ ਦੱਸਿਆ ਕਿ ਇੱਥੋਂ ਦੀ ਪ੍ਰਿੰਸੀਪਲ ਦੀ ਬਦਲੀ ਪਟਿਆਲਾ ਵਿਖੇ ਹੋ ਗਈ ਸੀ। ਬਦਲੀ ਹੋਣ ਦੇ ਬਾਵਜੂਦ ਉਸ ਕੋਲ ਲਹਿਰਾਗਾਗਾ ਸਕੂਲ ਦੀਆਂ ਡੀਡੀ ਪਾਵਰਾਂ ਵੀ ਸਨ। ਇਸ ਕਰ ਕੇ ਉਸ ਪ੍ਰਿੰਸੀਪਲ ਨੂੰ ਤਿੰਨ ਦਿਨ ਪਟਿਆਲੇ ਵਾਲੇ ਸਕੂਲ ਅਤੇ ਤਿੰਨ ਦਿਨ ਲਹਿਰਾਗਾਗਾ ਸਕੂਲ ਆਉਣਾ ਪੈਂਦਾ ਸੀ। ਪਰ ਹੁਣ ਉਨ੍ਹਾਂ ਨੇ ਇਥੇ ਆਉਣ ਦੇ ਸਬੰਧ ਵਿਚ ਕੋਰਟ ਵੱਲੋਂ ਸਟੇਅ ਲੈ ਲਈ ਹੈ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਇਸ ਪੱਧਰ ਤੇ ਜਲਦੀ ਤੋਂ ਜਲਦੀ ਫ਼ੈਸਲਾ ਲਵੇ ਕਿ ਪੰਜਾਬ ਦੇ ਜਿਹੜੇ ਵੀ ਸਕੂਲਾਂ ਦੀ ਇਹ ਸਮੱਸਿਆ ਹੈ। ਉਨ੍ਹਾਂ ਵਿੱਚ ਜਾਂ ਤਾਂ ਪੱਕੇ ਪ੍ਰਿੰਸੀਪਲ ਨਿਯੁਕਤ ਕੀਤੇ ਜਾਣ ਜਾਂ ਆਰਜ਼ੀ ਤੌਰ ’ਤੇ ਡੀਡੀ ਪਾਵਰਾਂ ਨਾਲ ਦੇ ਸਕੂਲਾਂ ਨੂੰ ਦਿੱਤੀਆਂ ਜਾਣ ਤਾਂ ਕਿ ਅਧਿਆਪਕਾਂ ਦੀ ਤਨਖਾਹ ਦਾ ਮਸਲਾ ਛੇਤੀ ਤੋਂ ਛੇਤੀ ਹੱਲ ਹੋ ਸਕੇ। ਵਿਧਾਇਕ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਹ ਮਸਲਾ ਬੁੱਧਵਾਰ ਤਕ ਹੱਲ ਕਰਵਾ ਦਿੱਤਾ ਜਾਵੇਗਾ।