ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਸਤੰਬਰ
ਮਾੜੇ ਆਰਥਿਕ ਹਾਲਾਤ ਨਾਲ ਜੂਝ ਰਹੇ ਅਤੇ ਖਸਤਾ ਹਾਲਤ ਘਰ ’ਚ ਰਹਿ ਰਹੇ ਆਜ਼ਾਦੀ ਘੁਲਾਟੀਏ ਹਰਦਿਆਲ ਸਿੰਘ ਦੇ ਪੁੱਤਰ ਦੀ ਸਾਰ ਅੱਜ ਆਮ ਆਦਮੀ ਪਾਰਟੀ ਦੀ ਟੀਮ ਦੇ ਸਰਗਰਮ ਮੈਂਬਰ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵੱਲੋਂ ਲਈ ਗਈ। ਮਿੰਕੂ ਜਵੰਧਾ ਅੱਜ ਇੱਥੇ ਆਜ਼ਾਦੀ ਘੁਲਾਈਏ ਦੇ ਪੁੱਤਰ ਪਰਮਜੀਤ ਸਿੰਘ ਪੰਮੀ ਦੇ ਘਰ ਪੁੱਜੇ ਅਤੇ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿੱਤਾ।
ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਜ਼ਾਦੀ ਘੁਲਾਟੀਏ ਹਰਦਿਆਲ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅੰਗਰੇਜ਼ਾਂ ਦੇ ਜਹਾਜ਼ਾਂ ਤੋਂ ਅੰਗਰੇਜ਼ ਹਕੂਮਤ ਦਾ ਝੰਡਾ ਯੂਨੀਅਨ ਜੈਕ ਉਤਾਰ ਕੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ ਸੀ ਜਿਸ ਕਰਕੇ ਅੰਗਰੇਜ਼ਾਂ ਨੇ ਉਨ੍ਹਾਂ ਦੇ ਪਿਤਾ ਨੂੰ ਗੋਲੀ ਮਾਰਨ ਦਾ ਹੁਕਮ ਵੀ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅਜ਼ਾਦੀ ਘੁਲਾਟੀਏ ਦਾ ਪੁੱਤਰ ਹੋਣ ਦੇ ਬਾਵਜੂਦ ਉਹ ਅੱਜ ਮਾੜੇ ਆਰਥਿਕ ਹਾਲਾਤ ਨਾਲ ਜੂਝਣ ਲਈ ਮਜਬੂਰ ਹੈ ਅਤੇ ਖਸਤਾ ਹਾਲਤ ਘਰ ਵਿੱਚ ਰਹਿ ਰਿਹਾ ਹੈ। ਉਨ੍ਹਾਂ ਗਿਲ੍ਹਾ ਕੀਤਾ ਕਿ ਸੱਤਾ ’ਤੇ ਕਾਬਜ਼ ਰਹੀਆਂ ਵੱਖ-ਵੱਖ ਪਾਰਟੀਆਂ ਦੇ ਸਰਕਾਰਾਂ ਨੇ ਉਸ ਦੇ ਪਰਿਵਾਰ ਦੀ ਸਾਰ ਨਹੀਂ ਲਈ ਗਈ ਅਤੇ ਨਾ ਹੀ ਬਣਦਾ ਮਾਣ ਸਤਿਕਾਰ ਦਿੱਤਾ ਹੈ ਜਿਸ ਦੇ ਉਹ ਅਸਲ ਹੱਕਦਾਰ ਹਨ। ਮਿੰਕੂ ਜਵੰਧਾ ਨੇ ਅਜ਼ਾਦੀ ਘੁਲਾਟੀਆ ਪਰਿਵਾਰ ਦੇ ਪੁੱਤਰ ਪਰਮਜੀਤ ਸਿੰਘ ਨੂੰ ਉਸ ਦੇ ਖਸਤਾ ਹਾਲਤ ਘਰ ਦੀ ਛੱਤ ਬਦਲਵਾਉਣ ਅਤੇ ਉਸ ਦੀ ਮੱਦਦ ਕਰਨ ਦਾ ਭਰੋਸਾ ਦਿਵਾਇਆ।ਮਿੰਕੂ ਜਵੰਧਾ ਨੇ ਕਿਹਾ ਕਿ ਅਜ਼ਾਦੀ ਘੁਲਾਟੀਆਂ ਦੇ ਪਰਿਵਾਰ ਸਾਡੇ ਸਭ ਲਈ ਸਤਿਕਾਰਤ ਪਰਿਵਾਰ ਹਨ ਜਿਨ੍ਹਾਂ ਨੂੰ ਮਾਣ ਸਤਿਕਾਰ ਦੇਣਾ ਸਾਡਾ ਸਭ ਦਾ ਫਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ।