ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਹੇਠ ਚੱਲ ਰਹੀ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦੇ ਅੱਜ 10ਵੇਂ ਦਿਨ ਦਫ਼ਤਰੀ ਮੁਲਾਜ਼ਮਾਂ ਨੇ ਰੋਸ ਮਾਰਚ ਮਗਰੋਂ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਰੋਸ ਧਰਨਾ ਦਿੱਤਾ। ਉਨ੍ਹਾਂ ਆਪਣੀ ਹੜਤਾਲ 25 ਅਕਤੂਬਰ ਤੱਕ ਵਧਾਉਣ ਦਾ ਐਲਾਨ ਵੀ ਕੀਤਾ।
ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜ਼ਮ ਅੱਜ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਇਕੱਠੇ ਹੋਏ। ਉਹ ਇੱਥੋਂ ਰੋਸ ਮਾਰਚ ਕਰਦਿਆਂ ਰੇਲਵੇ ਚੌਕ ਨਜ਼ਦੀਕ ਸਥਿਤ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਘਰ ਅੱੱਗੇ ਪੂਜੇ ਅਤੇ ਰੋਸ ਧਰਨਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਅਤੇ ਪ੍ਰੈੱਸ ਸਕੱਤਰ ਅਨੁਜ ਸ਼ਰਮਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਤੀ ਅਪਣਾਏ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਕਲਮਛੋੜ ਤੇ ਕੰਪਿਊਟਰ ਬੰਦ ਹੜਤਾਲ ਨੂੰ 25 ਅਕਤੂਬਰ ਤੱਕ ਵਧਾ ਦਿੱਤਾ ਹੈ। ਵਾਸਵੀਰ ਭੁੱਲਰ ਨੇ ਦੋਸ਼ ਲਾਇਆ ਕਿ ਸਰਕਾਰ ਮਨਿਸਟੀਰੀਅਲ ਮੁਲਾਜ਼ਮ ਕਾਡਰ ਨੂੰ ਜਾਣ-ਬੁੱਝ ਕੇ ਅਣਗੌਲਿਆ ਕਰ ਰਹੀ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਨੇ ਜਥੇਬੰਦੀ ਦੇ ਆਗੂਆਂ ਤੋਂ ਮੰਗ ਪੱਤਰ ਲਿਆ ਅਤੇ ਮੁੱਖ ਮੰਤਰੀ ਨੂੰ ਭੇਜਣ ਦਾ ਭਰੋਸਾ ਦਿੱਤਾ।