ਰਮੇਸ਼ ਭਾਰਦਵਾਜ
ਲਹਿਰਗਾਗਾ, 22 ਨਵੰਬਰ
ਲੋਕ ਜਾਗਰਿਤ ਮੰਚ ਦੇ ਸੂਬਾ ਪ੍ਰਧਾਨ ਅਤੇ ਆਰਟੀਆਈ ਐਕਟੀਵਿਸਟ ਬ੍ਰਿਸ਼ ਭਾਨ ਬੁਜਰਕ ਨੇ ਇਥੇ ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ ਨਿੱਜੀ ਕੰਪਨੀ ਨੂੰ ਠੇਕਾ ਦੇਣ ਅਤੇ ਸਿਹਤ ਵਿਭਾਗ ਦੇ ਅਫਸਰਾਂ ਵੱਲੋਂ ਇਹ ਕੰਮ ਨਾ ਕੀਤੇ ਜਾਣ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਥੇ ਆਰਟੀਸਆਈ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਉਸ ਨੇ ਡਾਇਰੈਕਟੋਰੇਟ ਪਰਿਵਾਰ ਭਲਾਈ ਵਿਭਾਗ ਪੰਜਾਬ ਕੋਲੋਂ ਆਰਟੀ ਆਈ ਤਹਿਤ ਨਿੱਜੀ ਕੰਪਨੀ ਸਪੀਡ ਸਰਚ ਅਤੇ ਸਕਿਉਰਿਟੀ ਨੈਟਵਰਕ ਪ੍ਰਾਈਵੇਟ ਲਿਮਟਿਡ ਵੱਲੋਂ ਅਲਟਰਾਸਾਊਂਡ ਸੈਟਰਾਂ ਦੇ ਕੀਤੇ ਗਏ ਸਟਿੰਗ ਅਪ੍ਰੇਸ਼ਨਾਂ ਬਦਲੇ ਦਿੱਤੀ ਗਈ ਰਕਮ ਸਬੰਧੀ ਸਾਲ 2016 ਤੋਂ ਲੈ ਕੇ ਸਾਲ 2020 ਤੱਕ ਦੀ ਜਾਣਕਾਰੀ ਮੰਗੀ ਸੀ। ਇਸ ਦੇ ਜਵਾਬ ਵਿੱਚ ਵਿਭਾਗ ਨੇ ਦੱਸਿਆ ਹੈ ਕਿ ਕੰਪਨੀ ਦੇ 50,97,258 ਰੁਪਏ ਬਣਦੇ ਸਨ। ਜਿਸ ਵਿੱਚੋਂ ਟੀਡੀਐੱਸ ਕੱਟ ਕੇ 42,89,466 ਰੁਪਏ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਇੱਕ ਨਿੱਜੀ ਕੰਪਨੀ ਕੋਲੋਂ ਅਲਟਰਾਸਾਊਂਡ ਸੈਟਰਾਂ ਦਾ ਗੁਪਤ ਸਟਿੰਗ ਅਪ੍ਰੇਸ਼ਨ ਕਰਵਾਉਣ ਲਈ ਪਿਛਲੇ ਪੰਜ ਸਾਲਾਂ ਅੰਦਰ 50 ਲੱਖ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਹੈ। ਸਟਿੰਗ ਅਪ੍ਰੇਸ਼ਨ ਦੌਰਾਨ ਸਭ ਤੋਂ ਵੱਧ ਰਕਮ 40 ਲੱਖ ਰੁਪਏ ਸਾਲ 2019 ’ਚ ਦਿੱਤੀ ਗਈ। ਉਧਰ ਸਿਹਤ ਵਿਭਾਗ ਨਾਲ ਜੁੜੇ ਲੱਖਾਂ ਰੁਪਏ ਦੀਆਂ ਤਨਖਾਹਾਂ ਲੈਣ ਵਾਲੇ ਅਫਸਰ ਮਾਦਾ ਭਰੂਣ ਹੱਤਿਆ ਨੂੰ ਰੋਕਣ ਦੀ ਬਜਾਏ ਦਫਤਰਾਂ ’ਚ ਬੈਠ ਕੇ ਮੌਜਾਂ ਲੁੱਟਦੇ ਰਹੇ ਹਨ। ਉਨ੍ਹਾਂ ਦੱਸਿਆ ਕਿ 11-10-2019 ਨੂੰ ਸਮਾਣਾ, ਲੁਧਿਆਣਾ, ਹੁਸ਼ਿਆਰਪੁਰ, ਅੰਮ੍ਰਿਤਸਰ, ਮਾਲੇਰਕੋਟਲਾ, ਪਟਿਆਲਾ, ਬਟਾਲਾ ਅਤੇ 15-10-2019 ਨੂੰ ਬਟਾਲਾ, ਪਟਿਆਲਾ,ਹਰਿਆਣਾ ਆਦਿ ਵਿੱਚ ਚੱਲ ਰਹੇ ਅਲਟਰਾਸਾਊਂਡ ਸੈਟਰਾਂ ਦੇ ਕੀਤੇ ਗਏ ਸਟਿੰਗ ਅਪ੍ਰੇਸ਼ਨਾਂ ਬਦਲੇ ਕੰਪਨੀ ਨੂੰ ਸਭ ਤੋਂ ਵੱਡੀ ਰਕਮ 40 ਲੱਖ 330 ਰੁਪਏ ਵਿੱਚੋਂ 10 ਫੀਸਦੀ ਕੱਟ ਕੇ 35 ਲੱਖ 75 ਹਜ਼ਾਰ 81 ਰੁਪਏ ਦਿੱਤੇ ਗਏ। 23-1-2020 ਅਤੇ 4-2-2020 ਨੂੰ ਕੀਤੇ ਗਏ ਸਟਿੰਗ ਅਪ੍ਰੇਸ਼ਨਾਂ ਦੇ ਬਣਦੇ 2 ਲੱਖ 35 ਹਜਾਰ ਵਿੱਚੋਂ 2 ਲੱਖ 11 ਹਜਾਰ 250 ਰੁਪਏ ਦਿੱਤੇ ਗਏ।