ਨਿੱਜੀ ਪੱਤਰ ਪ੍ਰੇਰਕ
ਧੂਰੀ, 10 ਮਈ
ਅਨਾਜ ਮੰਡੀ ਧੂਰੀ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਦੀ ਖਰੀਦੀ ਗਈ ਕਣਕ ਸੁਸਤ ਲਿਫਟਿੰਗ ਦੇ ਚਲਦਿਆਂ ਫੜ੍ਹਾਂ ’ਤੇ ਪਈ ਹੈ, ਜਿਸ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅਨਾਜ ਮੰਡੀ ਧੂਰੀ ਦੇ ਕੁੱਝ ਆੜ੍ਹਤੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲਿਫਟਿੰਗ ਦੇ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਮੰਡੀਆਂ ਵਿੱਚ ਪਈ ਕਣਕ ਖਰਾਬ ਹੋ ਰਹੀ ਹੈ ਅਤੇ ਇਸ ਕਾਰਨ ਬਾਹਰਲੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਤੇ ਸਥਾਨਕ ਮਜ਼ਦੂਰਾਂ ਨੂੰ ਵੀ ਮਜਬੂਰੀਵਸ ਕਣਕ ਦੀ ਰਾਖੀ ਕਰਨੀ ਪੈ ਰਹੀ ਹੈ, ਕਿਉਂਕਿ ਆੜ੍ਹਤੀਏ ਸਬੰਧਤ ਮਜ਼ਦੂਰਾਂ ਤੋਂ ਭਰੀ ਗਈ ਕਣਕ ਦੀ ਪੂਰੀ ਗਿਣਤੀ ਵਸੂਲਦੇ ਹਨ। ਇਸ ਨਾਲ ਜੇ ਫੜ੍ਹਾਂ ’ਤੇ ਪਿਆ ਮਾਲ ਚੋਰੀ ਹੋ ਜਾਂਦਾ ਹੈ ਤਾਂ ਲੇਬਰ ਅਤੇ ਆੜ੍ਹਤੀਆਂ ਨੂੰ ਇਸ ਦਾ ਖਾਮਿਆਜ਼ਾ ਵੀ ਭੁਗਤਨਾ ਪੈਂਦਾ ਹੈ। ਕੁੱਝ ਆੜ੍ਹਤੀਆਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਕਰੋਨਾ ਦੇ ਦਿਨਾਂ ਵਿੱਚ ਲੇਬਰ ਨੂੰ ਮਜਬੂਰੀਵਸ ਫੜ੍ਹਾਂ ਤੇ ਬੈਠ ਕੇ ਬਿਨਾਂ ਕੰਮ ਤੋਂ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਲਿਫਟਿੰਗ ਤੇਜ਼ ਕਰਨ ਦੀ ਮੰਗ ਕੀਤੀ ਹੈ।