ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੂਨ
ਮਗਨਰੇਗਾ ਤਹਿਤ ਕੰਮ ਨਾ ਮਿਲਣ ਅਤੇ ਕੀਤੇ ਕੰਮ ਦਾ ਮਿਹਨਤਾਨਾ ਨਾ ਮਿਲਣ ਤੋਂ ਖਫ਼ਾ ਪਿੰਡ ਖਿੱਲਰੀਆਂ ਅਤੇ ਬਹਾਦਰਪੁਰ ਦੇ ਮਨਰੇਗਾ ਕਾਮਿਆਂ ਵੱਲੋਂ ਡੈਮੋਕ੍ਰੈਟਿਕ ਮਨਰੇਗਾ ਫਰੰਟ ਦੀ ਅਗਵਾਈ ਹੇਠ ਇੱਥੇ ਬੀਡੀਪੀਓ ਦਫ਼ਤਰ ਅੱਗੇ ਰੋਸ ਵਿਖਾਵਾ ਕੀਤਾ ਗਿਆ ਅਤੇ ਬੀਡੀਪੀਓ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਡੈਮੋਕ੍ਰੈਟਿਕ ਮਨਰੇਗਾ ਫਰੰਟ ਦੇ ਆਗੂਆਂ ਰਣਜੀਤ ਕੌਰ ਖਿਲਰੀਆਂ, ਕੁਲਵਿੰਦਰ ਕੌਰ ਬਹਾਦਰਪੁਰ , ਨਿਰਮਲ ਸਿੰਘ, ਜਸਵੰਤ ਕੌਰ ਅਤੇ ਕਰਮਜੀਤ ਕੌਰ ਨੇ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਕੰਮ 100 ਦਿਨ ਦੇਣ ਦੀ ਬਜਾਏ ਸਿਰਫ਼ ਦਸ-ਪੰਦਰਾਂ ਦਿਨ ਹੀ ਦਿੱਤਾ ਜਾਂਦਾ ਹੈ। ਕੀਤੇ ਕੰਮ ਦਾ ਮਿਹਨਤਾਨਾ ਵੀ ਸਮੇਂ ਸਿਰ ਨਹੀਂ ਦਿੱਤਾ ਜਾਂਦਾ ਜਦੋਂਕਿ ਮਗਨਰੇਗਾ ਕਾਨੂੰਨ ਤਹਿਤ ਕੰਮ ਕਰਨ ਦੇ 15 ਦਿਨਾਂ ਦੇ ਅੰਦਰ-ਅੰਦਰ ਮਿਹਨਤਾਨਾ ਕਾਮਿਆਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰ ਔਰਤਾਂ ਵੱਲੋਂ ਜੂਨ ਤੇ ਜੁਲਾਈ 2021 ਵਿਚ ਵਲੋਂ ਪਿੰਡ ਹਰੇੜੀ ਅਤੇ ਲਿੱਦੜਾਂ ਕੋਲ ਦੀ ਲੰਘਦੇ ਨਾਲੇ ਦੀ ਸਫ਼ਾਈ ਕੀਤੀ ਗਈ ਸੀ। ਇਨ੍ਹਾਂ 14 ਦਿਨਾਂ ਦਾ ਮਿਹਨਤਾਨਾ ਅਜੇ ਤਕ ਨਹੀਂ ਮਿਲਿਆ।
ਆਗੂਆਂ ਨੇ ਕਿਹਾ ਕਿ ਮੰਗ ਦੇ 15 ਦਿਨਾਂ ਬਾਅਦ ਕੰਮ ਦੇਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੰਮ ’ਤੇ ਲੱਗਣ ਤੋਂ ਪਹਿਲਾਂ ਕੰਮ ਸਬੰਧੀ ਪੱਤਰ ਦਿੱਤਾ ਜਾਵੇ, ਮਨਰੇਗਾ ਬਜਟ ਵਿਚ ਵਾਧਾ ਕੀਤਾ ਜਾਵੇ, ਸਾਲ ਵਿਚ ਕੰਮ 100 ਦਿਨ ਦੀ ਬਜਾਇ 200 ਦਿਨ ਦਿੱਤਾ ਜਾਵੇ, ਦਿਹਾੜੀ ਦੀ ਰਕਮ ਘੱਟੋ-ਘੱਟ ਉਜਰਤ ਕਾਨੂੰਨ ਮੁਤਾਬਕ ਦਿੱਤੀ ਜਾਵੇ। ਆਈਡੀਪੀ ਦੇ ਸੂਬਾ ਕਮੇਟੀ ਮੈਂਬਰ ਫਲਜੀਤ ਸਿੰਘ, ਤਾਰਾ ਸਿੰਘ ਫੱਗੂਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਭਵਾਨੀਗੜ੍ਹ ਨੇ ਕਿਹਾ ਕਿ ਪੰਚਾਇਤੀ ਰਾਜ ਕਾਨੂੰਨ ਤਹਿਤ ਜੂਨ ਮਹੀਨੇ ਅੰਦਰ ਸਾਰੇ ਪਿੰਡਾਂ ਵਿਚ ਗ੍ਰਾਮ ਸਭਾ ਦੇ ਇਜਲਾਸ ਕਰ ਕੇ ਮਨਰੇਗਾ ਰਾਹੀਂ ਬੂਟੇ ਲਾਉਣ ਲਈ ਪ੍ਰਾਜੈਕਟ ਬਣਾਏ ਜਾਣ।
ਇਸ ਮੌਕੇ ਬਾਬਾ ਬੰਦਾ ਸਿੰਘ ਵੈੱਲਫ਼ੇਅਰ ਸੁਸਾਇਟੀ ਦੇ ਆਗੂ ਬਹਾਲ ਸਿੰਘ ਬੇਨੜਾ ਅਤੇ ਸੋਨੀ ਬਹਾਦਰਪੁਰ ਨੇ ਕਿਹਾ ਕਿ ਮਨਰੇਗਾ ਕਾਮਿਆਂ ਦੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ। ਜੇ ਅਜਿਹਾ ਨਾ ਹੋਇਆ ਤਾਂ ਮਨਰੇਗਾ ਕਾਮਿਆਂ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ।
ਇਸ ਮੌਕੇ ਬੀਡੀਪੀਓ ਨੇ ਮਨਰੇਗਾ ਕਾਮਿਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਮੰਗਾਂ ਦਾ ਹੱਲ ਕੀਤਾ ਜਾਵੇਗਾ ਅਤੇ ਕਾਮਿਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।