ਪੱਤਰ ਪ੍ਰੇਰਕ
ਸ਼ੇਰਪੁਰ, 4 ਅਕਤੂਬਰ
ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਹਲਕੇ ਦੇ 74 ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁਰਦ ਕੀਤੇ ਜਾਣੇ ਹਨ। ਵਿਧਾਇਕ ਸ੍ਰੀ ਖੰਗੂੜਾ ਨੇ ਇਹ ਖ਼ੁਲਾਸਾ ਹਲਕਾ ਧੂਰੀ ਨਾਲ ਸਬੰਧਿਤ ਬਲਾਕ ਸ਼ੇਰਪੁਰ ਦੇ ਪਿੰਡਾਂ ਵਿੱਚ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਸੰਗਰੂਰ ਆਮਦ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਤਿਆਰੀ ਮੀਟਿੰਗਾਂ ਮਗਰੋਂ ਕੀਤਾ। ਸ੍ਰੀ ਖੰਗੂੜਾ ਨੇ ਕਿਹਾ ਕਿ ਭਾਜਪਾ ਨਾਲ ਸਿਆਸੀ ਤੋੜ ਵਿਛੋੜੇ ਮਗਰੋਂ ਹੁਣ ਭਾਈਵਾਲ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੁੱਝੇ ਭੇਦ ਉਜ਼ਾਗਰ ਕਰਦਿਆਂ ਸਪਸ਼ੱਟ ਕਰ ਦਿੱਤਾ ਕਿ ਕੇਂਦਰ ਵਿੱਚ ਬਤੌਰ ਮੰਤਰੀ ਬੀਬੀ ਬਾਦਲ ਨੇ ਕਦੇ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਦਰਜ ਨਹੀਂ ਕਰਵਾਇਆ ਪਰ ਹੁਣ ਕੀਤੀ ਜਾ ਰਹੀ ਸਿਆਸੀ ਡਰਾਮੇਬਾਜ਼ੀ ਤੋਂ ਲੋਕ ਜਾਣੂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨ ਅੰਦੋਲਨਾਂ ਦੇ ਸੌ ਫ਼ੀਸਦੀ ਹੱਕ ਵਿੱਚ ਖੜ੍ਹੀ ਹੈ ਅਤੇ ਪਾਰਟੀ ਦੇ ਆਗੂ ਵਰਕਰਾਂ ਨੂੰ ਇਨ੍ਹਾਂ ਧਰਨਿਆਂ ਨੂੰ ਸਰਗਰਮ ਹਮਾਇਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰੂ ਫ਼ੈਸਲਿਆਂ ‘ਤੇ ਪਲਟਾਵਾਂ ਹਲ ਫੇਰਨ ਲਈ ਰਾਹੁਲ ਗਾਂਧੀ ਜਿਹੇ ਦੂਰ-ਅੰਦੇਸ਼ੀ ਆਗੂ ਦੀ ਮੁੱਖ ਲੋੜ ਹੈ।