ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਅਪਰੈਲ
ਸ਼੍ਰੋਮਣੀ ਅਕਾਲੀ ਦਲ ਵਲੋਂ ਸੰਗਰੂਰ ਸੰਸਦੀ ਹਲਕੇ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਨਾਰਾਜ਼ ਚੱਲ ਰਹੇ ਪਾਰਟੀ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਭਲਕੇ 20 ਅਪਰੈਲ ਨੂੰ ਆਪਣੀ ਸਥਾਨਕ ਰਿਹਾਇਸ਼ ’ਤੇ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਨਾਲ ਸਬੰਧਤ ਆਪਣੇ ਸਮਰਥਕ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਕਰਨਗੇ। ਢੀਂਡਸਾ ਵਲੋਂ ਹੋਣ ਵਾਲੀ ਇਸ ਮੀਟਿੰਗ ਉਪਰ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਭਲਕੇ ਮੀਟਿੰਗ ਦੌਰਾਨ ਪਾਰਟੀ ਸਰਪ੍ਰਸਤ ਸ੍ਰੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੋਈ ਵੀ ਐਲਾਨ ਕੀਤਾ ਜਾ ਸਕਦਾ ਹੈ। ਭਾਵੇਂ ਦੋ ਦਿਨ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਸਮਰਥਕ ਪਾਰਟੀ ਆਗੂਆਂ ਨਾਲ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਮੀਟਿੰਗ ਕਰਕੇ ਵਿਚਾਰ ਵਿਟਾਂਦਰਾ ਕੀਤਾ ਗਿਆ ਸੀ ਜਿਸ ਮਗਰੋਂ ਆਗੂਆਂ ਵੱਲੋਂ ਫੈਸਲਾ ਲੈਣ ਦੇ ਅਧਿਕਾਰ ਸ੍ਰੀ ਢੀਂਡਸਾ ਨੂੰ ਦੇ ਦਿੱਤੇ ਸਨ। ਮੀਟਿੰਗ ਤੋਂ ਬਾਅਦ ਉਸੇ ਦਿਨ ਭਾਵੇਂ ਸ੍ਰੀ ਢੀਂਡਸਾ ਨੂੰ ਮਨਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੇ ਸਨ ਅਤੇ ਕਰੀਬ 15/20 ਮਿੰਟ ਤੱਕ ਦੋਵੇਂ ਆਗੂਆਂ ਵਿਚਕਾਰ ਗੱਲਬਾਤ ਵੀ ਹੋਈ ਸੀ ਪਰ ਢੀਂਡਸਾ ਪਰਿਵਾਰ ਦੀ ਨਾਰਾਜ਼ਗੀ ਹਾਲੇ ਵੀ ਬਰਕਰਾਰ ਦੱਸੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਭਲਕੇ 20 ਅਪਰੈਲ ਨੂੰ ਸ੍ਰੀ ਢੀਂਡਸਾ ਇਥੇ ਆਪਣੀ ਰਿਹਾਇਸ਼ ’ਤੇ ਪੁੱਜੇ ਰਹੇ ਹਨ ਜੋ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਮੌਜੂਦਾ ਘਟਨਾਕ੍ਰਮ ’ਤੇ ਵਿਚਾਰ ਕਰਕੇ ਕੋਈ ਅਗਲਾ ਸਿਆਸੀ ਫੈਸਲਾ ਵੀ ਲੈ ਸਕਦੇ ਹਨ।