ਪੱਤਰ ਪ੍ਰੇਰਕ
ਸ਼ੇਰਪੁਰ, 19 ਸਤੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਈਸਾਪੁਰ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਡੀਐੱਸਪੀ ਧੂਰੀ ਯੋਗੇਸ਼ ਕੁਮਾਰ ਨਾਲ ਮੁਲਾਕਾਤ ਕਰ ਕੇ ਪਿੰਡ ਰਾਮਨਗਰ ਛੰਨਾ ਵਿੱਚ ਇੱਕ ਫ਼ੌਜੀ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੁਰੰਤ ਕਰਨ ਦੀ ਮੰਗ ਕੀਤੀ ਹੈ। ਵਫ਼ਦ ਵਿੱਚ ਕਰਮਜੀਤ ਸਿੰਘ ਛੰਨਾ, ਦਰਸ਼ਨ ਸਿੰਘ ਕਾਤਰੋਂ, ਹਰਭਜਨ ਸਿੰਘ ਅਲੀਪੁਰ ਅਤੇ ਗੁਰਪ੍ਰੀਤ ਸਿੰਘ ਛੰਨਾ ਸ਼ਾਮਲ ਸਨ। ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਈਸਾਪੁਰ ਨੇ ਦੱਸਿਆ ਕਿ ਤਕਰੀਬਨ 25 ਦਿਨ ਪਹਿਲਾਂ ਪਿੰਡ ਰਾਮਨਗਰ ਛੰਨਾ ’ਚ ਇੱਕ ਫ਼ੌਜੀ ਦੇ ਪਰਿਵਾਰ ਦੇ ਘਰ ਪੁੱਜ ਕੇ ਕੁੱਝ ਰਿਸ਼ਤੇਦਾਰਾਂ ਨੇ ਹਮਲਾ ਕੀਤਾ ਸੀ, ਜਿਸ ਸਬੰਧ ’ਚ ਧਾਰਾ 452 ਸਮੇਤ ਹੋਰ ਧਾਰਾਵਾਂ ਹੇਠ ਕੇਸ ਦਰਜ ਕੀਤੇ ਜਾਣ ਦੇ ਬਾਵਜੂਦ ਸ਼ੇਰਪੁਰ ਪੁਲੀਸ ਲਗਾਤਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਕੰਨੀ ਕਤਰਾ ਰਹੀ ਹੈ।
ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ: ਡੀਐੱਸਪੀ
ਡੀਐੱਸਪੀ ਯੋਗੇਸ ਸ਼ਰਮਾ ਨੇ ਦੱਸਿਆ ਕਿ ਰਾਮਨਗਰ ਛੰਨਾਂ ’ਚ ਫ਼ੌਜੀ ਦੇ ਘਰ ’ਤੇ ਹਮਲੇ ਦੇ ਮਾਮਲੇ ਵਿੱਚ 6 ਜਣੇ ਨਾਮਜ਼ਦ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਦੋ ਉੱਚ ਅਦਾਲਤ ਤੋਂ ਜ਼ਮਾਨਤ ਲੈ ਚੁੱਕੇ ਹਨ ਜਦੋਂਕਿ ਬਾਕੀ ਰਹਿੰਦੇ ਤਿੰਨ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ। ਚੋਰੀਆਂ ਦੇ ਮਾਮਲੇ ਅਣਸੁਲਝੇ ਮਾਮਲੇ ਛੇਤੀ ਹੀ ਸੁਲਝਾਏ ਜਾਣਗੇ।