ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਫਰਵਰੀ
ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜਾਇਜ਼ ਚੋਣ ਡਿਊਟੀਆਂ ਕੱਟਣ ਦੇ ਮੁੱਦੇ ’ਤੇ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਦੇ ਸੱਦੇ ’ਤੇ ਦੋ ਗੇੜਾਂ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਸ਼ਰਮਾ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜਥੇਬੰਦੀਆਂ ਵੱਲੋਂ ਬਲਵੀਰ ਲੌਂਗੋਵਾਲ, ਜੋਤਿੰਦਰ ਜੋਤੀ, ਫਕੀਰ ਸਿੰਘ ਟਿੱਬਾ, ਵਰਿੰਦਰ ਜੀਤ ਸਿੰਘ, ਸਮਸ਼ੇਰ ਸਿੰਘ, ਪਰਵਿੰਦਰ ਸਿੰਘ ਢੀਂਡਸਾ, ਬੱਗਾ ਸਿੰਘ ਸ਼ਾਮਲ ਸਨ।
ਮੀਟਿੰਗ ਮਗਰੋਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਸ ਦਫਤਰ ਵੱਲੋਂ ਪੋਲਿੰਗ ਪਾਰਟੀਆਂ ਪਹਿਲਾਂ ਹੀ ਬਣਾ ਕੇ ਭੇਜੇ ਜਾਣ ਕਰਕੇ ਪੈਦਾ ਹੋਈ ਸਥਿਤੀ ਕਾਰਨ ਇਹ ਤੈਅ ਹੋਇਆ ਕਿ ਜਿਹੜੀਆਂ ਡਿਊਟੀਆਂ ਜਥੇਬੰਦੀਆਂ ਵੱਲੋਂ ਤਿੰਨ ਮੀਟਿੰਗਾਂ ਵਿੱਚ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਜੋ ਡਿਊਟੀਆਂ ਹੁਣ ਤਕ ਨਹੀਂ ਕੱਟੀਆਂ ਗਈਆਂ, ਉਨ੍ਹਾਂ ਦੀ ਸੂਚੀ ਬਣਾ ਕੇ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਨਾਲ ਕੱਟ ਕੇ ਸਬੰਧਤ ਚੋਣ ਰਿਟਰਨਿੰਗ ਅਫ਼ਸਰਾਂ ਨੂੰ ਲਿਖਤੀ ਸੂਚਿਤ ਕੀਤਾ ਜਾਵੇਗਾ। ਜਥੇਬੰਦੀਆਂ ਵੱਲੋਂ ਆਪਸੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਕੱਲ ਤੱਕ ਕੱਟਣ ਲਈ ਦਿੱਤੀਆਂ ਡਿਊਟੀਆਂ ਦੀ ਇੱਕ ਕੰਨਸੌਲੀਡੇਟਿਡ ਸੂਚੀ ਤਿਆਰ ਕੀਤੀ ਜਾਵੇ। ਜਿਸ ਸਾਥੀ ਦੀ ਡਿਊਟੀ ਨਹੀਂ ਕੱਟੀ ਹੋਵੇਗੀ, ਉਹ ਜਥੇਬੰਦੀਆਂ ਨੂੰ ਸੂਚਿਤ ਕਰੇ ਤਾਂ ਜੋ ਹੇਠਾਂ ਭੇਜੇ ਜਾਣ ਵਾਲੇ ਰਿਟਰਨਿੰਗ ਅਫ਼ਸਰਾਂ ਨੂੰ ਪੱਤਰਾਂ ਵਿਚ ਉਸ ਦਾ ਨਾਮ ਦਰਜ ਕਰਵਾਇਆ ਜਾ ਸਕੇ। ਆਗੂਆਂ ਨੇ ਕਿਹਾ ਕਿ ਜੇਕਰ ਫ਼ਿਰ ਵੀ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਮੁੜ ਸੰਘਰਸ਼ ਦਾ ਬਿਗਲ ਵਜਾਉਣ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਐਲਾਨ ਕੀਤਾ ਕਿ ਫਿਲਹਾਲ ਸੰਘਰਸ਼ ਮੁਲਤਵੀ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਜ਼ਿਲ੍ਹੇ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਏਡੀਸੀ ਦਫ਼ਤਰ ਦਾ ਗੇਟ ਬੰਦ ਕਰਕੇ ਰੋਸ ਧਰਨਾ ਦਿੱਤਾ ਗਿਆ ਸੀ ਜਿਸ ਤਹਿਤ ਹੀ ਅੱਜ ਮੀਟਿੰਗ ਤੈਅ ਹੋਈ।