ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 31 ਅਕਤੂਬਰ
ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਸਥਾਨਕ ਚੈਂਬਰ ਭਵਨ ਵਿੱਚ ਚੇਅਰਮੈਨ ਗੋਰਾ ਲਾਲ ਦੀ ਸਰਪ੍ਰਸਤੀ ਅਤੇ ਅਮਨ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਵੱਖ-ਵੱਖ ਸਕੀਮਾਂ ਨੂੰ ਉਦਯੋਗਪਤੀਆਂ ਤੱਕ ਪਹੁੰਚਾਉਣ ਲਈ ਵਜ਼ੀਰ ਸਿੰਘ, ਅਸਿਸਟੈਂਟ ਡਾਇਰੈਕਟਰ ਐਮ.ਐਸ.ਐਮ.ਈ., ਕ੍ਰਿਸ਼ਨ ਕੁਮਾਰ ਅਸਿਸਟੈਂਟ ਡਾਇਰੈਕਟਰ ਐਮ.ਐਸ.ਐਮ.ਈ., ਸੁਬੋਦ ਜਿੰਦਲ ਜਨਰਲ ਮੈਨੇਜਰ ਇੰਡਸਟਰੀ ਅਤੇ ਸਾਗਰ ਜੁਨੇਜਾ ਅਸਿਸਟੈਂਟ ਡੀਨ ਚਿੱਤਕਾਰਾ ਯੂਨੀਵਰਸਿਟੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਵਜ਼ੀਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਉਦਯੋਗਪਤੀਆਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਅਤੇ ਸਬਸਿਡੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਦੇਸ਼ ਜਾਂ ਵਿਦੇਸ਼ ਵਿੱਚ ਕੋਈ ਵੀ ਉਦਯੋਗਿਕ ਐਗਜੀਬਿਸ਼ਨ ਲੱਗਦੀ ਹੈ ਤਾਂ ਕੇਂਦਰ ਸਰਕਾਰ ਵੱਲੋਂ ਐਗਜੀਵਿਸ਼ਨ ਵਿੱਚ ਸਟਾਲ ਲਾਉਣ ’ਤੇ ਉਦਯੋਗਪਤੀਆਂ ਨੂੰ ਸਬਸਿਡੀ ਦਿੱਤੀ ਜਾਵੇਗੀ। ਸ੍ਰੀ ਜੁਨੇਜਾ ਨੇ ਦੱਸਿਆ ਕਿ ਕੋਈ ਵੀ ਉਦਯੋਗਪਤੀ ਕਿਸੇ ਵੀ ਤਰ੍ਹਾਂ ਦੀ ਕੋਈ ਨਵੀਂ ਮਸ਼ੀਨਰੀ ਨੂੰ ਬਣਾਉਣ ਲਈ ਕੋਈ ਰਚਨਾਤਮਕਤਾ ਵਿਚਾਰ ਦਿੰਦਾ ਹੈ ਤਾਂ ਉਸ ਮਸ਼ੀਨ ਨੂੰ ਬਣਾਉਣ ਲਈ ਵੀ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਵੇਗੀ। ਪ੍ਰਧਾਨ ਅਮਨ ਜ਼ਖਮੀ ਨੇ ਉਦਯੋਗਪਤੀਆਂ ਨੂੰ ਐਮ.ਐਸ.ਐਮ.ਈ. ਨਾਲ ਜੁੜਨ ਲਈ ਕਿਹਾ ਤਾਂ ਜੋ ਹੋਰ ਸਕੀਮਾਂ ਅਤੇ ਸਬਸਿਡੀਆਂ ਦਾ ਲਾਭ ਉਦਯੋਗ ਜਗਤ ਨੂੰ ਮਿਲ ਸਕੇ।