ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਮਈ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸਥਾਨਕ ਅਨਾਜ ਮੰਡੀ ਵਿੱਚ ਹੋਈ ਜਿਸ ਵਿਚ ਦਲਿਤ ਵਰਗ ਦੀਆਂ ਵੱਖ-ਵੱਖ ਮੰਗਾਂ ਦਾ ਹੱਲ ਨਾ ਹੋਣ ’ਤੇ ਸਰਕਾਰ ਪ੍ਰਤੀ ਨਾਰਾਜ਼ਗੀ ਜਤਾਈ ਗਈ ਅਤੇ ਮੰਗਾਂ ਦੀ ਪ੍ਰਾਪਤੀ ਲਈ 25 ਮਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦੇਣ ਦਾ ਫੈਸਲਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਆਗੂ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੰਜਾਬ ਅੰਦਰ ਨਵੀਂ ਬਣੀ ਸਰਕਾਰ ਵੀ ਅਕਾਲੀ,ਭਾਜਪਾ, ਕਾਂਗਰਸ ਦੇ ਰਾਹਾਂ ਤੇ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਤੱਕ ਸਿਰਫ ਐਲਾਨ ਹੀ ਕੀਤੇ ਗਏ ਹਨ , ਜ਼ਮੀਨੀ ਪੱਧਰ ਤੇ ਲਾਗੂ ਕੁਝ ਨਹੀਂ ਹੋਇਆ। ਮਾਨ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਮਜ਼ਦੂਰ ਹਿਤੈਸ਼ੀ ਫੈਸਲਾ ਨਹੀਂ ਲਿਆ ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਮਜਦੂਰ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਲਈ ਮਾਨ ਸਰਕਾਰ ਦੇ ਖਿਲਾਫ 25 ਮਈ ਨੂੰ ਡੀਸੀ ਦਫ਼ਤਰ ਸੰਗਰੂਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਮੁਨਸ਼ੀਵਾਲਾ, ਪ੍ਰੇਮ ਸਿੰਘ ਖਡਿਆਲੀ, ਘੁਮੰਡ ਸਿੰਘ ਉਗਰਾਹਾਂ, ਰਾਣੀ ਕੌਰ ਸੁਨਾਮ, ਮਨਜੀਤ ਕੌਰ ਘਨੋਰੀ, ਸਵਰਨਜੀਤ ਸਿੰਘ ਭਵਾਨੀਗੜ੍ਹ, ਕਾਂਤਾ ਰਾਣੀ, ਰਾਮੂ ਨਿਰਭੈ ਸਿੰਘ ਆਦਿ ਹਾਜ਼ਰ ਸਨ।