ਨਿਜੀ ਪੱਤਰ ਪ੍ਰੇਰਕ
ਸੰਗਰੂਰ, 21 ਦਸੰਬਰ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮਜ਼ਦੂਰ ਔਰਤਾਂ ਸਿਰ ਚੜ੍ਹੇ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਮੁਆਫ਼ੀ, ਜ਼ਮੀਨ ਹੱਦਬੰਦੀ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਦਲਿਤਾਂ ਗਰੀਬਾਂ ਵਿੱਚ ਵੰਡਾਉਣ, ਹਰ ਪੇਂਡੂ ਤੇ ਸ਼ਹਿਰੀ ਬੇਘਰੇ ਗਰੀਬਾਂ ਨੂੰ ਰਿਹਾਇਸ਼ੀ ਪਲਾਟ ਪ੍ਰਾਪਤੀ, ਮਗਨਰੇਗਾ ਤਹਿਤ 700 ਦਿਹਾੜੀ ਅਤੇ 200 ਦਿਨ ਰੁਜ਼ਗਾਰ ਲਾਗੂ ਕਰਵਾਉਣ ਸਮੇਤ ਹੋਰ ਮਜ਼ਦੂਰ ਮੰਗਾਂ ਦੇ ਹੱਲ ਲਈ ਇੱਥੇ ‘ਕੰਪਨੀਆਂ ਭਜਾਓ-ਗਰੀਬ ਬਚਾਓ’ ਦੇ ਨਾਮ ਹੇਠ ਰੈਲੀ ਕੀਤੀ ਗਈ। ਲਾਲ ਬੱਤੀ ਚੌਕ ਵਿੱਚ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਮਜ਼ਦੂਰ ਅਤੇ ਮਜ਼ਦੂਰ ਔਰਤਾਂ ਸਥਾਨਕ ਅਨਾਜ ਮੰਡੀ ਵਿੱਚ ਇਕੱਠੀਆਂ ਹੋਈਆਂ ਜਿਥੇ ਰੋਸ ਰੈਲੀ ਕੀਤੀ ਗਈ। ਮਗਰੋਂ ਰੋਸ ਮਾਰਚ ਕਰਦਿਆਂ ਲਾਲ ਬੱਤੀ ਚੌਕ ਵਿਚ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਦਲਿਤਾਂ-ਮਜ਼ਦੂਰਾਂ ਉੱਪਰ ਪੰਜਾਬ ਅੰਦਰ ਸਮਾਜਿਕ ਜਬਰ ਦੇ ਖਿਲਾਫ਼ ਆਪਣੀ ਜ਼ੁਬਾਨ ਬੰਦ ਰੱਖਣ ਵਾਲੇ ਅਕਾਲੀ, ਕਾਂਗਰਸ ਅਤੇ ‘ਆਪ’ ਪਾਰਟੀਆਂ ਦੇ ਲੀਡਰ ਹੁਣ ਵੋਟਾਂ ਬਟੋਰਨ ਲਈ ਦਲਿਤ ਹਿਤੈਸ਼ੀ ਬਣਨ ਦਾ ਢੌਂਗ ਰਚ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ ਦੋਵਾਂ ਮੁੱਖ ਮੰਤਰੀਆਂ ਦੇ ਰਾਜ ਕਾਲ ਵਿੱਚ ਮਜ਼ਦੂਰਾਂ ਗਰੀਬਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਰਕਾਰਾਂ ਦੀਆਂ ਮਜ਼ਦੂਰ ਮਾਰੂ ਨੀਤੀਆਂ ਕਾਰਨ ਵਧ ਰਹੀ ਬੇਰੁਜ਼ਗਾਰੀ ਦੇ ਸਿੱਟੇ ਵਜੋਂ ਪੇਂਡੂ ਅਤੇ ਸ਼ਹਿਰੀ ਬੇਜ਼ਮੀਨੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਦੇ ਮੱਕੜ ਜਾਲ ਵਿੱਚ ਫਸ ਕੇ ਨਰਕ ਭਰੀ ਜੂਨ ਹੰਢਾਉਂਦੇ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਔਰਤਾਂ ਅਤੇ ਮਜ਼ਦੂਰਾਂ ਸਿਰ ਚੜ੍ਹਿਆ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਰੇਤਗੜ, ਜ਼ਿਲ੍ਹਾ ਸਕੱਤਰ ਪ੍ਰੇਮ ਸਿੰਘ ਖਡਿਆਲੀ, ਅਮਰਜੀਤ ਸਿੰਘ ਮੁਨਸ਼ੀਵਾਲਾ, ਘਮੰਡ ਸਿੰਘ ਉਗਰਾਹਾਂ, ਲਖਵੀਰ ਕੌਰ ਲੱਡਾ ਤੇ ਮਨਜੀਤ ਕੌਰ ਆਲੋਅਰਖ ਆਦਿ ਆਗੂ ਹਾਜ਼ਰ ਸਨ।