ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਮਈ
ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ ਮਈ ਦਿਵਸ ਮੌਕੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਵੱਖ-ਵੱਖ ਥਾਵਾਂ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸ਼ਹੀਦਾਂ ਵਲੋਂ ਦਰਸਾਏ ਮਾਰਗ ’ਤੇ ਚੱਲ ਕੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਵਲੋਂ ਮਈ ਦਿਵਸ ਮਨਾਉਂਦਿਆਂ ਜਥੇਬੰਦੀ ਦਾ ਝੰਡਾ ਝੁਲਾਇਆ ਗਿਆ। ਫੈਡਰੇਸ਼ਨ ਆਗੂ ਮਾਲਵਿੰਦਰ ਸਿੰਘ ਸੰਧੂ, ਫਕੀਰ ਸਿੰਘ ਟਿੱਬਾ, ਦੇਵੀ ਦਿਆਲ, ਬਲਦੇਵ ਸਿੰਘ ਬਡਰੁੱਖਾਂ ਅਤੇ ਸੀਟੀਯੂ ਆਗੂ ਸਰਬਜੀਤ ਸਿੰਘ ਵੜੈਚ ਆਦਿ ਅਨੇਕਾਂ ਸ਼ਾਮਲ ਸਨ। ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਕੌਰ ਦੀ ਅਗਵਾਈ ਹੇਠ ਮਨਾਏ ਮਈ ਦਿਵਸ ਮੌਕੇ ਯੂਨੀਅਨ ਦੀ ਕੌਮੀ ਪ੍ਰਧਾਨ ਕਾਮਰੇਡ ਊਸ਼ਾ ਰਾਣੀ ਨੇ ਅੱਜ ਦੇ ਮਹਾਨ ਦਿਹਾੜੇ ’ਤੇ ਸਰਕਾਰ ਦੀਆਂ ਜਨਤਕ ਵਿਰੋਧੀ ਨੀਤੀਆਂ ਖ਼ਿਲਾਫ਼ ਡਟ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਸੀਪੀਆਈ ਐਮ ਵਲੋਂ ਵੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਅਨਾਜ ਮੰਡੀ ਵਿਚ ਝੰਡਾ ਝੁਲਾਇਆ ਗਿਆ। ਇਸ ਮੌਕੇ ਤਹਿਸੀਲ ਸਕੱਤਰ ਸਤਵੀਰ ਸਿੰਘ ਤੁੰਗਾਂ ਨੇ ਸੰਬੋਧਨ ਕੀਤਾ। ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਸੰਗਰੂਰ ਵਲੋਂ ਸੰਗਰੂਰ ਵਲੋਂ ਸਿਵਲ ਹਸਪਤਾਲ ਦੇ ਗੇਟ ’ਤੇ ਝੰਡਾ ਲਹਿਰਾਇਆ ਗਿਆ।
ਪਟਿਆਲਾ (ਖੇਤਰੀ ਪ੍ਰਤੀਨਿਧ): ਮਜ਼ਦੂਰ ਦਿਵਸ ਮੌਕੇ ਵੱਖ ਵੱਖ ਜਥੇਬੰਦੀਆਂ ਨੇ ਸ਼ਿਕਾਗੋ ਦੇ ਸ਼ਹੀਦ ਨੂੰ ਸ਼ਰਧਾਂਜਲੀਆਂ ਦਿੱਤੀਆਂ। ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਵੱਲੋਂ ਯੂਨੀਅਨ ਦਫ਼ਤਰ ਰਾਜਪੁਰਾ ਕਾਲੋਨੀ ਵਿੱਚ ਮਜਦੂਰ ਦਿਹਾੜਾ ਮਨਾਇਆ ਗਿਆ। ਜਿਸ ਦੌਰਾਨ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਝੰਡਾ ਲਹਿਰਾਓਣ ਦੀ ਰਸਮ ਅਦਾ ਕੀਤੀ। ਇਸ ਮੌਕੇ ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਰਾਮ ਲਾਲ ਰਾਮਾ, ਮਾਧੋ ਲਾਲ ਰਾਹੀ, ਗੁਰਦਰਸ਼ਨ ਸਿੰਘ ਅਤੇ ਸੂਰਜ ਪਾਲ ਯਾਦਵ ਆਦਿ ਆਗੂ ਵੀ ਸ਼ਾਮਲ ਸਨ। ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਪਾਵਰਕੌਮ ਵੱਲੋਂ ਵੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਐਂਪਲਾਈਜ਼ ਫੈਡਰੇਸਨ ਚਾਹਲ ਵੱਲੋਂ ਜਥੇਬੰਦੀ ਦੇ ਮੁੱਖ ਦਫ਼ਤਰ ਪਟਿਆਲਾ ਵਿੱਚ ਸਮਾਗਮ ਕਰਕੇ ਕੇਸ਼ਰੀ ਨਿਸ਼ਾਨ ਲਹਿਰਾਇਆ।
ਲਹਿਰਾਗਾਗਾ (ਪੱਤਰ ਪ੍ਰੇਰਕ): ਮਜ਼ਦੂਰ ਦਿਹਾੜੇ ਮੌਕੇ ਅੱਜ ਇੱਥੇ ਨਗਰ ਕੌਂਸਲ ਦਫ਼ਤਰ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਲਾਲ ਝੰਡਾ ਚੜ੍ਹਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੰਗੂ, ਬੀਰਬਲ ਕੁਮਾਰ, ਜਿੱਲਾ ਰਾਮ, ਜਗਸੀਰ ਸਿੰਘ, ਲੋਕ ਚੇਤਨਾ ਮੰਚ ਦੇ ਨਾਮਦੇਵ ਭੁਟਾਲ, ਜਗਦੀਸ਼ ਪਾਪੜਾ, ਲੇਖਕ ਰਣਜੀਤ ਲਹਿਰਾ, ਮਹਿੰਦਰ ਸਿੰਘ, ਜੰਗਲਾਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਗਾਗਾ, ਏਟਕ ਆਗੂ ਮਹਿੰਦਰ ਬਾਗ਼ੀ, ਫੀਲਡ ਵਰਕਰਜ਼ ਯੂਨੀਅਨ ਦੇ ਅਮਰੀਕ ਗੁਰਨੇ, ਮੇਜਰ ਸਿੰਘ ਲਹਿਰਾ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਇਕੱਤਰ ਹੋਏ ਲੋਕਾਂ ਨੇ ਮਜ਼ਦੂਰਾਂ-ਕਿਸਾਨਾਂ ਖਿਲਾਫ਼ ਵਿੱਢੇ ਜਾ ਰਹੇ ਆਰਥਕ, ਸਿਆਸੀ ਹਮਲਿਆਂ ਵਿਰੁੱਧ ਇਕਜੁਟ ਹੋ ਕੇ ਲੜਨ ਦਾ ਪ੍ਰਣ ਲਿਆ।।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿੱਚ ਹੋਏ ਵੱਖ ਵੱਖ ਥਾਵਾਂ ’ਤੇ ਮਜ਼ਦੂਰ ਦਿਵਸ ਮਨਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਥੋਂ ਦੇ ਘੁੰਮਣ ਭਵਨ ਵਿੱਚ ਕਿਸਾਨ ਆਗੂ ਕਾਮਰੇਡ ਨਛੱਤਰ ਸਿੰਘ ਗੰਢੂਆਂ ਦੀ ਅਗਵਾਈ ਹੇਠ ਲਾਲ ਝੰਡਾ ਲਹਿਰਾਇਆ ਗਿਆ। ਉਧਰ ਸੁਨਾਮ ਦੇ ਅਣਖੀ ਭਵਨ ਵਿੱਚ ਸੀਪੀਆਈ ਅਤੇ ਟਰੇਡ ਯੂਨੀਅਨ ਕੌਂਸਲ ਵੱਲੋਂ ਪਹਿਲੀ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸੇ ਤਰ੍ਹਾਂ ਡਾ. ਅੰਬੇਦਕਰ ਸਭਾ ਪੰਜਾਬ ਵੱਲੋਂ ਟਿੱਬੀ ਰਵਿਦਾਸਪੁਰਾ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ।
ਦੇਵੀਗੜ੍ਹ (ਪੱਤਰ ਪ੍ਰੇਰਕ): ਪੱਲੇਦਾਰ ਯੂਨੀਅਨ ਦੇਵੀਗੜ੍ਹ ਦੇ ਪ੍ਰਧਾਨ ਬਲਦੇਵ ਸਿੰਘ ਭੰਬੂਆਂ ਦੀ ਅਗਵਾਈ ਹੇਠ ਇੱਥੇ ਅਨਾਜ ਮੰਡੀ ਵਿੱਚ ਮਜ਼ਦੂਰ ਦਿਵਸ ਮਨਾਇਅਆ ਗਿਆ, ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਦੇਵ ਸਿੰਘ ਘੜਾਮ ਅਤੇ ਰਣਜੋਧ ਸਿੰਘ ਹਡਾਣਾ ਨੇ ਸੰਬੋਧਨ ਕੀਤਾ।
ਘਨੌਰ (ਪੱਤਰ ਪ੍ਰੇਰਕ): ਕਸਬਾ ਘਨੌਰ ਦੇ ਸੀਪੀਐੱਮ ਦੇ ਏਰੀਆ ਕਮੇਟੀ ਦਫ਼ਤਰ ਅਤੇ ਨਵਾਂ ਬੱਸ ਸਟੈਂਡ ਨੇੜੇ ਕੁਲਹਿੰਦ ਖੇਤ ਮਜ਼ਦੂਰ ਯੂਨੀਅਨ, ਮਨਰੇਗਾ ਮਜ਼ਦੂਰ ਯੂਨੀਅਨ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਨਾਲ ਸੰਬਧਿਤ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਵਿਜੈ ਪਾਲ ਘਨੌਰ, ਸੁਨੀਲ ਕੁਮਾਰ, ਪ੍ਰੇਮ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਕੌਰ ਅਤੇ ਹਰਬੰਸ ਕੌਰ ਦੀ ਅਗਵਾਈ ਹੇਠ ਮਈ ਦਿਵਸ ਮਨਾਇਆ ਗਿਆ।
ਪਾਤੜਾਂ (ਪੱਤਰ ਪ੍ਰੇਰਕ): ਪਾਵਰਕੌਮ ਦੀ ਡਿਵੀਜ਼ਨ ਪਾਤੜਾਂ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਐੱਮਐੱਸਯੂ, ਪੈਨਸ਼ਨਰ ਐਸੋਸੀਏਸ਼ਨ, ਐਂਪਲਾਈਜ਼ ਫੈੱਡਰੇਸ਼ਨ (ਚਹਿਲ) ਆਦਿ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਕਾਗੋ ਵਿਖੇ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵਿੱਚ ਮਜ਼ਦੂਰ ਦਿਵਸ ਮਨਾਇਆ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਟਰੇਡ ਯੂਨੀਅਨ ਕੌਂਸਲ ਵੱਲੋਂ ਸਥਾਨਕ ਨਗਰ ਕੌਂਸਲ ਦੇ ਪਾਰਕ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ , ਕਾਮਰੇਡ ਰਮੇਸ਼ ਜੈਨ, ਕਾਮਰੇਡ ਲੀਲਾ ਖਾਨ, ਪੈਨਸ਼ਨਰਜ਼ ਨਐਸੋਸੀਏਸ਼ਨ ਦੇ ਆਗੂ ਕਾਮਰੇਡ ਜਗਦੀਸ਼ ਚੰਦਰ ਸ਼ਰਮਾ ਅਤੇ ਅਮਰਜੀਤ ਸਿੰਘ ਅਮਨ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਅਮਰਗੜ੍ਹ (ਪੱਤਰ ਪ੍ਰੇਰਕ): ਸਬ-ਸਟੇਸ਼ਨ ਗਰਿਡ ਵਿੱਚ ਬਿਜਲੀ ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਆਗੂ ਵਿਜੇ ਕੁਮਾਰ, ਈਸ਼ਰ ਸਿੰਘ ਚੌਂਦਾ, ਨਾਹਰ ਸਿੰਘ, ਪਰਮਜੀਤ ਸਿੰਘ, ਗੁਰਦੇਵ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਉਨ੍ਹਾਂ ਨੇ ਮਜ਼ਦੂਰਾਂ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਕੀਤੇ ਘੋਲ ਬਾਰੇ ਜਾਣਕਾਰੀ ਦਿੱਤੀ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਟਰੇਡ ਯੂਨੀਅਨ ਕੌਂਸਲ ਮਾਲੇਰਕੋਟਲਾ ਵਲੋਂ ਸਰਿੰਦਰ ਕੁਮਾਰ ਭੈਣੀ ਕਲਾਂ, ਸਰਬਜੀਤ ਕੌਰ ਸੱਦੋਪੁਰ ਅਤੇ ਗੁਰਧਿਆਨ ਸਿੰਘ ਆਦਿ ਪ੍ਰਧਾਨਗੀ ਹੇਠ ਇਥੇ ਟਰੇਡ ਯੂਨੀਅਨ ਦੇ ਦਫ਼ਤਰ ਵਿੱਚ ਮਈ ਦਿਵਸ ਮਨਾਇਆ ਗਿਆ। ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪਾਵਰਕੌਮ ਦੇ 66 ਕੇਵੀ ਗਰਿੱਡ ਸਬ ਸਟੇਸ਼ਨ ਦੇ ਮੁੱਖ ਦਰਵਾਜ਼ੇ ’ਤੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸੰਗਰੂਰ (ਪੱਤਰ ਪ੍ਰੇਰਕ): ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਮੁਲਾਜ਼ਮ ਯੂਨੀਅਨ ਏਟਕ ਸੰਗਰੂਰ ਦੇ ਮੁਲਾਜ਼ਮ ਸੁੰਦਰਪਾਲ ਦੀ ਅਗਵਾਈ ਵਿਚ ਸਕੂਲ ਦੇ ਮੇਨ ਗੇਟ ਅੱਗੇ ਇਕੱਠੇ ਹੋਏ| ਇਸ ਸਮੇਂ ਝੰਡਾ ਚੜ੍ਹਾਉਣ ਦੀ ਰਸਮ ਮਹੁੰਮਦ ਖਲੀਲ ਜ਼ਿਲ੍ਹਾ ਸਕੱਤਰ ਏਟਕ ਨੇ ਨਿਭਾਈ|
ਲੌਂਗੋਵਾਲ (ਪੱਤਰ ਪ੍ਰੇਰਕ): ਸੀਪੀਆਈ(ਐੱਮ) ਕਾਰਕੁਨਾਂ ਨੇ ਅੱਜ ਮਜ਼ਦੂਰ ਦਿਵਸ ਮੌਕੇ ਪੰਡਤ ਵਿਦਿਆ ਦੇਵ ਲੌਂਗੋਵਾਲ ਦੀ ਯਾਦਗਾਰ ’ਤੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਵਿਧਾਇਕ ਭਰਾਜ ਨੇ ਝੰਡਾ ਲਹਿਰਾਇਆ
ਭਵਾਨੀਗੜ੍ਹ (ਪੱਤਰ ਪ੍ਰੇਰਕ):ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਇੱਥੇ ਨਗਰ ਕੌਂਸਲ ਦਫ਼ਤਰ ਵਿੱਚ ਮਈ ਦਿਵਸ ਮੌਕੇ ਮਜ਼ਦੂਰ ਯੂਨੀਅਨ ਦਾ ਝੰਡਾ ਲਹਿਰਾਇਆ। ਇਸੇ ਤਰ੍ਹਾਂ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਨੇ ਵੱਖ-ਵੱਖ ਟੌਲ ਪਲਾਜ਼ਿਆਂ ’ਤੇ ਮਈ ਦਿਵਸ ਮਨਾਉਂਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪੈਪਸੀਕੋ ਇੰਡੀਆ ਹੋਲਡਿੰਗਜ਼ ਵਰਕਰਜ਼ ਯੂਨੀਅਨ ਚੰਨੋਂ ਵੱਲੋਂ ਪੈਪਸੀਕੋ ਕੰਪਨੀ ਦੇ ਮੁੱਖ ਗੇਟ ’ਤੇ ਮਜ਼ਦੂਰ ਦਿਵਸ ਮਨਾਇਆ ਗਿਆ। ਹਿੰਦੋਸਤਾਨ ਮਕਾਨ ਉਸਾਰੀ ਯੂਨੀਅਨ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਦਲ, ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਵੀ ਮਈ ਦਿਵਸ ਮਨਾਇਆ ਗਿਆ।