ਬੀਰਬਲ ਰਿਸ਼ੀ
ਸ਼ੇਰਪੁਰ, 8 ਜੂਨ
ਪਿੰਡ ਘਨੌਰੀ ਖੁਰਦ ’ਚ ਪੰਚਾਇਤ ਤੇ ਮੋਹਤਬਰਾਂ ਵੱਲੋਂ ਮਜ਼ਦੂਰਾਂ ਤੋਂ ਝੋਨੇ ਦੀ ਲਵਾਈ ਸਬੰਧੀ ਰੇਟ ਤੈਅ ਕਰਨ ਦੇ ਪਾਏ ਮਤਿਆਂ ਦਾ ਮਾਮਲਾ ਭਖ਼ਦਾ ਨਜ਼ਰ ਆ ਰਿਹਾ ਹੈ ਜਿਸ ਕਰਕੇ ਕਿਸਾਨ-ਮਜ਼ਦੂਰਾਂ ਦੇ ਨਹੂੰ-ਮਾਸ ਦੇ ਰਿਸ਼ਤੇ ਤਿੜਕਨ ਦਾ ਖਦਸ਼ਾ ਹੈ।ਘਨੌਰੀ ਖੁਰਦ ਦੇ ਮੋਹਤਬਰਾਂ ਦੀਆਂ ਮੋਹਰਾਂ ਸਣੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਪੰਚਾਇਤੀ ਮਤੇ ’ਚ ਪਿੰਡ ਦੇ ਮਜ਼ਦੂਰਾਂ ਲਈ ਝੋਨੇ ਦੀ ਲਵਾਈ ਦਾ ਰੇਟ ਪ੍ਰਤੀ ਕਿੱਲਾ (ਸਵਾ ਛੇ ਵਿੱਘੇ) 38 ਸੌ ਰੁਪਏ ਬਿਨਾਂ ਰੋਟੀ, ਭਈਆਂ ਲਈ 35 ਸੌ ਰੁਪਏ ਸਮੇਤ ਚਾਰ ਕਿੱਲੋ ਰਾਸ਼ਨ, ਪਿੰਡ ’ਚ ਆਮ ਦਿਹਾੜੀ ਤਿੰਨ ਸੌ ਰੁਪਏ, ਦਿਹਾੜੀਦਾਰ ਨੇ ਭਾਂਡੇ ਆਪਣੇ ਘਰੋਂ ਲਿਆਉਣੇ ਹਨ, ਰੂੜੀ ਦੀ ਟਰਾਲੀ ਦਾ ਤਿੰਨ ਸੌ ਰੁਪਏ, ਪਿੰਡ ਦੀ ਲੇਬਰ ਪਹਿਲਾਂ ਪਿੰਡ ’ਚ ਕੰਮ ਕਰੇਗੀ ਜੇ ਕੋਈ ਪਿੰਡ ਦਾ ਕੰਮ ਛੱਡ ਕੇ ਬਾਹਰ ਜਾਵੇਗਾ ਤਾਂ ਉਸਨੂੰ ਖੇਤਾਂ ’ਚ ਨਹੀਂ ਵੜਨ ਦਿੱਤਾ ਜਾਵੇਗਾ। ਉਧਰ, ਉਲੰਘਣਾ ਕਰਨ ਵਾਲੇ ਜੱਟ ਭਾਈਚਾਰੇ ਨੂੰ ਪੰਜ ਹਜ਼ਾਰ ਰੁਪਏ ਜ਼ੁਰਮਾਨਾ, ਦੁੱਖ-ਸੁੱਖ ਦੀ ਸਾਂਝ ਖ਼ਤਮ ਕੀਤੀ ਜਾਵੇਗੀ। ਜ਼ੈੱਡਪੀਐੱਸਸੀ ਦੀ ਜ਼ਿਲ੍ਹਾ ਆਗੂ ਪਰਮਜੀਤ ਕੌਰ ਲੌਂਗੋਵਾਲ ਤੇ ਬਿੱਕਰ ਹਥੋਆ ਨੇ ਦਾਅਵਾ ਕੀਤਾ ਕਿ ਅੱਜ ਇਹ ਮਾਮਲਾ ਉਨ੍ਹਾਂ ਡਿਪਟੀ ਕਮਿਸ਼ਨਰ ਸੰਗਰੂਰ ਕੋਲ ਉਠਾਇਆ ਜਿਨ੍ਹਾਂ ਐੱਸਪੀ ਨੂੰ ਫੌਰੀ ਕਾਰਵਾਈ ਕਰਨ ਲਈ ਕਿਹਾ ਹੈ। ਸਰਪੰਚ ਬੀਬੀ ਦੇ ਪਤੀ ਜਗਦੇਵ ਸਿੰਘ ਨੇ ਦੱਸਿਆ ਕਿ ਭਾਵੇਂ ਮਤਾ ਪੰਚਾਇਤ ਕਾਰਵਾਈ ਰਜਿਸਟਰ ’ਚ ਨਹੀਂ ਸਗੋਂ ਰਫ਼ ਮਤਾ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਸੀ ਪਰ ਕੁਝ ਲੋਕਾਂ ਨੇ ਭਾਈਚਾਰਕ ਸਾਂਝ ਤੋੜਨ ਲਈ ਇਸਨੂੰ ਮੁੱਦਾ ਬਣਾਇਆ ਹੈ। ਡੀਐੱਸਪੀ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਪਿੰਡ ਦੀ ਸਰਪੰਚ ਵਿਰੋਧੀ ਧਿਰ ਨੇ ਦਰਖਾਸਤ ਦਿੱਤੀ ਹੈ ਜਿਸ ਸਬੰਧੀ 9 ਜੂਨ ਨੂੰ ਸਰਪੰਚ ਧਿਰ ਨੂੰ ਬੁਲਾਇਆ ਗਿਆ ਹੈ।