ਪੱਤਰ ਪ੍ਰੇਰਕ
ਸੰਗਰੂਰ, 22 ਨਵੰਬਰ
ਪੀਐਸਈਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਵੱਲੋਂ ਸ਼ਹੀਦ ਸਾਥੀ ਵੇਦ ਪ੍ਰਕਾਸ਼ ਵਰਮਾ ਅਤੇ ਸਰਕਲ ਅਧੀਨ ਵਿਛੜੇ ਸਾਥੀਆਂ ਦੀ ਯਾਦ ਵਿਚ 42ਵੀਂ ਸ਼ਹੀਦੀ ਕਾਨਫਰੰਸ ਸੁਤੰਤਰ ਭਵਨ ਸੰਗਰੂਰ ਵਿੱਚ ਸਰਵ ਸਾਥੀ ਜੀਵਨ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ, ਰਮੇਸ਼ ਕੁਮਾਰ ਅਤੇ ਗੋਰਾ ਦਾਸ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਮੇਂ ਸਾਥੀ ਵੇਦ ਪ੍ਰਕਾਸ਼, ਭਗਵਾਨ ਸਿੰਘ ਅਣਖੀ ਅਤੇ ਵਿਛੜੇ ਸਾਥੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ 42ਵੀਂ ਕਾਨਫਰੰਸ ਨੂੰ ਸਮਰਪਿਤ ਪਾਕੇਟ ਡਾਇਰੀ ਅਤੇ ਪਰਸ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਾਥੀ ਸੁਖਦੇਵ ਰਾਮ ਸ਼ਰਮਾ ਨੇ ਕਿਹਾ ਕਿ ਅੱਜ ਦੀਆਂ ਮੌਜੂਦਾ ਸਰਕਾਰਾਂ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨਾਂ ਉਪਰ ਤਸ਼ੱਦਦ ਕਰਕੇ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਏਟਕ ਦੇ ਜਨਰਲ ਸਕੱਤਰ ਸਾਥੀ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਰਤੀ ਵਰਗ ਨੂੰ ਲਗਾਤਰ ਸਰਕਾਰ ਦੇ ਜੁਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਟਕ ਪੰਜਾਬ ਦੇ ਪ੍ਰਧਾਨ ਸਾਥੀ ਬੰਤ ਬਰਾੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਕਾਂਗਰਸ ਤੋਂ ਵੀ ਮਾੜੀ ਸਿੱਧ ਹੋ ਰਹੀ ਹੈ, ਇਸ ਦੇ ਖਿਲਾਫ਼ ਸਾਰੀਆਂ ਪਾਰਟੀਆਂ ਨੂੰ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਜ਼ਰੂਰਤ ਹੈ।