ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਜੁਲਾਈ
ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਵੱਲੋਂ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰਾਂ ਦੀ ਪੁਲੀਸ ਨਾਲ ਖਿੱਚ-ਧੂਹ ਵੀ ਹੋਈ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਦੀ ਭਰਤੀ ਵਿੱਚ ਉਮਰ ਹੱਦ ਵਿੱਚ 5 ਸਾਲ ਦਾ ਵਾਧਾ ਕਰ ਕੇ ਸਾਰੀਆਂ ਕੈਟਾਗਿਰੀਆਂ ਦੇ ਓਵਰਏਜ ਉਮੀਦਵਾਰਾਂ ਨੂੰ ਅਪਲਾਈ ਕਰਵਾਇਆ ਜਾਵੇ।
ਇਸ ਤੋਂ ਪਹਿਲਾਂ ਓਵਰਏਜ ਬੇਰੁਜ਼ਗਾਰ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜੇ ਜਿੱਥੇ ਪੁਲੀਸ ਵੱਲੋਂ ਨਾਕਾ ਲਾ ਕੇ ਰੋਕ ਲਿਆ ਗਿਆ। ਬੇਰੁਜ਼ਗਾਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਰਮਨ ਕੁਮਾਰ ਮਲੋਟ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਲਈ ਚੋਣ ਜ਼ਾਬਤਾ ਲੱਗਣ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਕਾਂਗਰਸ ਸਰਕਾਰ ਵੱਲੋਂ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਉਮਰ ਦੀ ਹੱਦ ਵਿੱਚ ਕੋਈ ਛੋਟ ਨਹੀਂ ਦਿੱਤੀ ਗਈ। ਕਾਂਗਰਸ ਸਰਕਾਰ ਨੇ ਪੰਜ ਸਾਲ ਰਾਜ ਕੀਤਾ ਅਤੇ ਇਸ ਤੋਂ ਪਹਿਲੀ ਸਰਕਾਰ ਨੇ ਵੀ ਆਪਣੇ ਕਾਰਜਕਾਲ ਦੌਰਾਨ ਕੋਈ ਵੱਡੀ ਭਰਤੀ ਨਹੀਂ ਕੀਤੀ ਜਿਸ ਕਰਕੇ ਹਜ਼ਾਰਾਂ ਬੇਰੁਜ਼ਗਾਰ ਪੀਐਸਟੀਈਟੀ (ਟੀਚਰ ਅਲਿਜੀਬਲਿਟੀ ਟੈਸਟ) ਪਾਸ ਕਰਕੇ ਵੀ ਓਵਰਏਜ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਿਵਾਏ ਲਾਰਿਆਂ ਤੋਂ ਕੁੱਝ ਪੱਲੇ ਨਹੀਂ ਪਾਇਆ ਗਿਆ ਜਿਸ ਕਾਰਨ ਓਵਰਏਜ ਬੇਰੁਜ਼ਗਾਰਾਂ ਵਿੱਚ ਭਾਰੀ ਰੋਸ ਹੈ। ਸਿੱਖਿਆ ਵਿਭਾਗ ਵਿੱਚ ਅਸਾਮੀਆਂ ਨਾ ਆਉਣ ਕਰਕੇ ਹਜ਼ਾਰਾਂ ਸਾਥੀ ਉਮਰ ਦੀ ਹੱਦ ਲੰਘਾ ਚੁੱਕੇ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ਦੀਆਂ ਅਸਾਮੀਆਂ ਵਿੱਚ ਅਪਲਾਈ ਕਰਨ ਲਈ ਉਮਰ ਦੀ ਉਪਰਲੀ ਹੱਦ 37 ਤੋਂ ਵਧਾ ਕੇ 42 ਸਾਲ ਕੀਤੀ ਜਾਵੇ ਅਤੇ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਦੀ ਭਰਤੀ ਵਿਚ ਸਾਰੀਆਂ ਕੈਟਾਗਿਰੀਆਂ ਦੇ ਓਵਰਏਜ ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਰਣਵੀਰ ਸਿੰਘ ਨਦਾਮਪੁਰ, ਸਤਨਾਮ ਸਿੰਘ ਬੱਛੋਆਣਾ, ਸੁਖਪਾਲ ਸਿੰਘ ਬਰਨਾਲਾ, ਨਿੱਕਾ ਸਿੰਘ ਚੰਨਾ, ਸੁਖਪਾਲ ਸਿੰਘ ਧੂਰੀ, ਜਗਤਾਰ ਸਿੰਘ ਜਖੇਪਲ, ਦਿਨੇਸ਼ ਕੁਮਾਰ, ਨਵਜੋਤ ਸਿੰਘ, ਹਾਕਮ ਸਿੰਘ, ਜਗਤਾਰ ਸਿੰਘ ਹਮੀਦੀ,ਗੁਰਬਚਨ ਸਿੰਘ ਖਨੌਰੀ, ਬਲਕਰਨ ਸਿੰਘ , ਕੁਲਵੰਤ ਕੌਰ ਸੇਲਬਰਾਹ, ਲਲਿਤਾ ਪਟਿਆਲਾ, ਕਿਰਨਜੀਤ ਕੌਰ ਗੋਨਿਆਣਾ ਮੰਡੀ, ਜਸਵਿੰਦਰ ਕੌਰ ਸੰਗਰੂਰ, ਪਰਮਜੀਤ ਕੌਰ ਜੋਗਾ, ਕਰਮਜੀਤ ਕੌਰ ਬਰਨਾਲਾ,ਸੁਖਪਾਲ ਕੌਰ ਕਾਂਝਲਾ ਤੇ ਪਰਮਜੀਤ ਕੌਰ ਮਾਨਸਾ ਮੌਜੂਦ ਸਨ।