ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੀ ਐਕਸ਼ਨ ਕਮੇਟੀ ਨੇ ਅੱਜ ਧਰਨੇ ਦੇ ਨਾਲ-ਨਾਲ ਬਾਜ਼ਾਰ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਬਰਿੰਦਰ ਗੋਇਲ ਖ਼ਿਲਾਫ਼ ਰੋਸ ਮਾਰਚ ਕੀਤਾ।
ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲ ਤੋਂ ਭੰਠਲ ਕਾਲਜ ਦੇ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ ਹਨ। ਤੰਗ ਆ ਕੇ ਇਕ ਮੁਲਾਜ਼ਮ ਤਾਂ ਆਤਮ ਹੱਤਿਆ ਵੀ ਕਰ ਚੁੱਕਿਆ ਹੈ। ਇਸ ਦੇ ਬਾਵਜੂਦ ਸਰਕਾਰ ਨੇ ਤਨਖਾਹਾਂ ਜਾਰੀ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਕਿਹਾ ਕਿ ਉਹ ਭੱਠਲ ਕਾਲਜ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੱਕ ਦਿਵਾ ਕੇ ਰਹਿਣਗੇ।
ਉਧਰ ਤਨਖਾਹਾਂ ਜਾਰੀ ਕਰਾਉਣ ਦੀ ਮੰਗ ਲਈ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਮੁਲਾਜ਼ਮਾਂ ਦਾ ਧਰਨਾ ਅੱਜ 145ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਕਾਲਜ ਦੀ ਸੰਘਰਸ਼ ਕਮੇਟੀ ਦੇ ਪ੍ਰਧਾਨ ਕਮਲ ਗਰਗ ਨੇ ਕਿਹਾ ਕਿ ਭਗਵੰਤ ਮਾਨ ਦੇ ਸਿਹਤ ਮੰਤਰੀ ਵਿਜੈ ਸਿੰਗਲਾ ’ਤੇ ਲਏ ਗਏ ਐਕਸ਼ਨ ਦੀ ਜਥੇਬੰਦੀ ਸ਼ਲਾਘਾ ਕਰਦੀ ਹੈ ਪਰ ਉਨ੍ਹਾਂ ਇੱਕ ਨਜ਼ਰ ਮੁੱਖ ਮੰਤਰੀ ਨੂੰ ਆਪਣੇ ਕੋਲ ਰੱਖੇ ਤਕਨੀਕੀ ਸਿੱਖਿਆ ਮਹਿਕਮੇ ’ਤੇ ਵੀ ਮਾਰਨ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਤਕਨੀਕੀ ਸਿੱਖਿਆ ਮਹਿਕਮੇ ਵਿੱਚ ਬਹੁਤ ਦੇਰ ਤੋਂ ਡੈਪੂਟੇਸ਼ਨ ’ਤੇ ਬੈਠੇ ਅਫ਼ਸਰ ਮਨਮਾਨੀਆਂ ਕਰ ਰਹੇ ਹਨ ਅਤੇ ਜਾਣ-ਬੁੱਝ ਕੇ ਲੋਕਾਂ ਦੇ ਕੰਮ ਸਾਲਾਂ ਤਕ ਰੋਕ ਕੇ ਰੱਖਦੇ ਹਨ।
ਲਹਿਰਾਗਾਗਾ ਇਕਾਈ ਪ੍ਰਧਾਨ ਸਰਬਜੀਤ ਸ਼ਰਮਾ ਨੇ ਕਿਹਾ ਕਿ ਹੁਣ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।