ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 20 ਜੂਨ
ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਵੱਖ ਵੱਖ ਪਿੰਡਾਂ ਵਿੱਚ ਰੋਡ ਸ਼ੋਅ ਕਰ ਕੇ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। ਹਲਕਾ ਸੁਨਾਮ, ਸੰਗਰੂਰ ਅਤੇ ਧੂਰੀ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਵੱਲੋਂ ਰੋਡ ਸ਼ੋਅ ਦੌਰਾਨ ਭਗਵੰਤ ਮਾਨ, ਕੇਜਰੀਵਾਲ ਤੇ ਘਰਾਚੋਂ ਦਾ ਹਲਕਾ ਸੁਨਾਮ ਦੇ ਵਿਧਾਇਕ ਬਾਬੂ ਅਮਨ ਅਰੋੜਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਸਵਾਗਤ ਕਬੂਲਦਿਆਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ,‘ਤੁਸੀਂ ਜਿਵੇਂ ਪਹਿਲਾਂ ਹਰ ਵਾਰ ਸਾਨੂੰ ਹਮੇਸ਼ਾਂ ਲੋੜ ਤੋਂ ਵੱਧ ਪਿਆਰ ਦਿੰਦੇ ਆ ਰਹੇ ਹੋ, ਉਸੇ ਤਰ੍ਹਾਂ ਇਸ ਵਾਰ ਵੀ ਸਾਡੀ ਬੇਨਤੀ ਨੂੰ ਮੰਨਦਿਆਂ 23 ਜੂਨ ਆਪਣਾ ਹਰ ਕੀਮਤੀ ਵੋਟ ਹਲਕਾ ਲੋਕ ਸਭਾ ਸੰਗਰੂਰ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਝਾੜੂ ਵਾਲ ਬਟਨ ਦਬਾ ਕੇ ਐੱਮਪੀ ਬਣਾਓ, ਤਾਂ ਜੋ ਹਲਕੇ ਦਾ ਵੱਡੀ ਪੱਧਰ ਤੇ ਵਿਕਾਸ ਕੀਤਾ ਜਾ ਸਕੇ।’
ਇਸ ਮੌਕੇ ਬਲਾਕ ਸਮਿਤੀ ਮੈਂਬਰ ਜਸਪਾਲ ਕੌਰ ਬਡਰੁੱਖਾਂ, ‘ਆਪ’ ਆਗੂ ਸੁਖਜੀਤ ਸਿੰਘ ਮਾਨ ਅਤੇ ਬਿੱਟੂ ਬੀਰਕਲਾਂ ਸਮੇਤ ਵੱਡੀ ਗਿਣਤੀ ਵਿਚ ਵਰਕਰਾਂ ਵੱਲੋਂ ਹਾਰ ਪਾਏ ਗਏ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਗਿਆਨ ਸਿੰਘ, ਜਸਵੰਤ ਸਿੰਘ ਉਭਾਵਾਲ, ਸੁਖਦੇਵ ਸਿੰਘ ਜੱਸਲ, ਜਸਪਾਲ ਸਿੰਘ ਦੁੱਗਾਂ, ਅਵਤਾਰ ਸਿੰਘ, ਦਰਸਨ ਸਿੰਘ, ਕਾਲਾ ਸਿੰਘ ਬਡਰੁੱਖਾਂ, ਗੁਰਫਤਹਿ ਬਡਰੁੱਖਾਂ, ਜਸਪਾਲ ਸਿੰਘ, ਜੱਗੀ ਬਡਰੁੱਖਾਂ, ਬਲਦੇਵ ਸਿੰਘ, ਮਿੰਟੂ ਬਡਰੁੱਖਾਂ, ਜਗਪਾਲ ਸਿੰਘ ਤੁੰਗਾ, ਮਹਾਨਦੀਪ ਕੁਲਾਰਾਂ ਸਮੇਤ ਨੇੜਲੇ ਪਿੰਡ ਕਾਂਝਲਾ, ਚੰਗਾਲ, ਲਿੱਦੜਾਂ, ਬਹਾਦਰਪੁਰ, ਦੁੱਗਾਂ, ਭੰਮਾਵੱਦੀ, ਹਰੇੜੀ, ਲੱਡਾ, ਅਕੋਈ ਸਾਹਿਬ, ਥਲੇਸਾ ਬੰਗਾਂਵਾਲੀ ਅਤੇ ਹੋਰ ਦਰਜਨਾਂ ਪਿੰਡਾਂ ਦੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ।