ਬੀਰਬਲ ਰਿਸ਼ੀ
ਸ਼ੇਰਪੁਰ, 15 ਫਰਵਰੀ
ਭਾਵੇਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਭਖਿਆ ਹੋਇਆ ਹੈ ਪਰ ਪਿੰਡ ਦੀਦਾਰਗੜ੍ਹ ਦੇ ਅਪਾਹਜ ਮੰਗੂ ਤੇ ਉਸ ਦੀ ਪਤਨੀ ਨਿਆਮਤੇ ਨੂੰ ਚੋਣਾਂ ਵਿੱਚ ਕਿਸੇ ਉਮੀਦਵਾਰ ਦੇ ਜਿੱਤਣ ਜਾਂ ਹਾਰਨ ਤੋਂ ਕੋਈ ਫਰਕ ਨਹੀਂ ਪੈਂਦਾ ਸਗੋਂ ਹਰ ਵਕਤ ਦੋ ਵਕਤ ਦੀ ਰੋਟੀ ਦਾ ਜੁਗਾੜ ਤੇ ਸਲਵਾੜ (ਪੂਲ੍ਹਿਆਂ) ਦੀਆਂ ਖੋਖਲੀਆਂ ਛੱਤਾਂ ਦਾ ਝੋਰਾ ਸਤਾ ਰਿਹਾ ਹੈ।
ਇਸ ਪ੍ਰਤੀਨਿਧ ਨੇ ਹਲਕਾ ਮਹਿਲ ਕਲਾਂ ਰਾਖਵਾਂ ਨਾਲ ਸਬੰਧਤ ਬਲਾਕ ਸ਼ੇਰਪੁਰ ਦੇ ਪਿੰਡ ਦੀਦਾਰਗੜ੍ਹ ਵਿੱਚ ਪਹੁੰਚ ਕੇ ਮੰਗੂ ਖਾਂ (48) ਤੇ ਉਸ ਦੀ ਪਤਨੀ ਨਿਆਮਤੇ ਨਾਲ ਗੱਲਬਾਤ ਕੀਤੀ। ਮੰਗੂ ਖਾਂ ਨੇ ਦੱਸਿਆ ਕਿ ਨੌਂ ਸਾਲ ਦੀ ਉਮਰ ਵਿੱਚ ਪੋਲਿਓ ਕਾਰਨ ਉਹ ਇੱਕ ਲੱਤ ਤੋਂ ਪੂਰੀ ਤਰ੍ਹਾਂ ਅਪਾਹਜ ਹੈ, ਆਪਣੀ ਰੋਜ਼ੀ ਰੋਟੀ ਲਈ ਉਹ ਖੱਚਰ ਰੇਹੜੇ ’ਤੇ ਆਲੇ-ਦੁਆਲੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਘਰਾਂ ਵਿੱਚ ਘੜ੍ਹੇ, ਤੌੜੀਆਂ ਸਮੇਤ ਅਜਿਹੇ ਕੱਚੇ ਭਾਂਡੇ ਵੇਚਦਾ ਸੀ ਪਰ ਅਚਾਨਕ ਉਸ ਦੀ ਖੱਚਰ ਮਰ ਗਈ ਜਿਸ ਕਰਕੇ ਬੇਕਾਰ ਹੋਇਆ ਰੇਹੜਾ ਵੇਚਣਾ ਪੈ ਗਿਆ। ਨਿਆਮਤੇ ਅਨੁਸਾਰ ਰੋਜ਼ੀ-ਰੋਟੀ ਚਲਾ ਰਹੀ ਖੱਚਰ ਦਾ ਮਾਤਮ ਉਨ੍ਹਾਂ ਪਰਿਵਾਰ ਦੇ ਜੀਅ ਜਿੰਨਾ ਹੀ ਮਨਾਇਆ ਅਤੇ ਖੱਚਰ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਦਫ਼ਨਾਇਆ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਰੋਜ਼ੇ ਚੱਲ ਰਹੇ ਸਨ ਤਾਂ ਅਚਾਨਕ ਘਰ ਦੀ ਛੱਤ ਡਿੱਗ ਗਈ ਜਿਸਦੀਆਂ ਛਤੀਰੀਆਂ ਵਿੱਚੋਂ ਦੀ ਨੀਲੀ ਛੱਤ ਦਿਸਦੀ ਹੈ ਪਰ ਦੁੱਖ ਤੇ ਅਫ਼ਸੋਸ ਕਿ ਉਨ੍ਹਾਂ ਨੇ ਫਾਰਮ ਵੀ ਭਰੇ ਪਰ ਕੱਚੇ ਘਰਾਂ ਲਈ ਇੱਕ ਫੁੱਟੀ ਕੌਡੀ ਵੀ ਨਹੀਂ ਪੱਲੇ ਨਹੀਂ ਪਾਈ। ਪਰਿਵਾਰ ਦੇ ਰਹਿਣ ਵਾਲੇ ਦੂਜੇ ਛੋਟੇ ਜਿਹੇ ਕਮਰੇ ’ਤੇ ਸਲਵਾੜ (ਪੂਲਿਆਂ) ਦੀ ਛੱਤ ਪਾਈ ਹੋਈ ਹੈ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਤਿੱਪ-ਤਿੱਪ ਕਰਦੀ ਛੱਤ ਡਿੱਗਣ ਦੀ ਡਰ ਬਣਿਆ ਰਹਿੰਦਾ ਹੈ।
ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਤੇ ਅਕਾਲੀ ਦਲ ਜਸਵਿੰਦਰ ਸਿੰਘ ਦੀਦਾਰਗੜ੍ਹ ਨੇ ਕਿਹਾ ਕਿ ਚੋਣਾਂ ਮਗਰੋਂ ਐੱਸਜੀਪੀਸੀ ਕੋਲ ਇਸ ਪਰਿਵਾਰ ਦੀ ਦਰਖਾਸਤ ਭੇਜ ਕੇ ਸਹਾਇਤਾ ਰਾਸ਼ੀ ਦਿਵਾਏ ਜਾਣ ਦੀ ਕੋਸ਼ਿਸ਼ ਕਰਾਂਗੇ। ਸਰਪੰਚ ਸੰਦੀਪ ਸਿੰਘ ਦੀਦਾਰਗੜ੍ਹ ਨੇ ਦੱਸਿਆ ਕਿ ਕੱਚੇ ਘਰਾਂ ’ਚ ਇਸ ਪਰਿਵਾਰ ਦਾ ਕੇਸ ਭੇਜਿਆ ਸੀ ਜੋ ਬਕਾਇਦਾ ਪਾਸ ਹੋ ਚੁੱਕਿਆ ਹੈ ਪਰ ਚੋਣ ਜ਼ਾਬਤੇ ਕਾਰਨ ਪੈਸੇ ਨਹੀਂ ਪੈ ਸਕੇ।