ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਮਾਰਚ
ਇੱਕ ਦਰਜਾ-ਚਾਰ ਮੁਲਾਜ਼ਮ ਨੇ ਆਪਣੀ ਧੀ ਦੇ ਸਹੁਰਿਆਂ ਵਲੋਂ ਬੇਇੱਜ਼ਤੀ ਕਰਨ ਅਤੇ ਦਾਜ ਦੇਣ ਲਈ ਦਬਾਅ ਪਾਉਣ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਸੰਗਰੂਰ ਪੁਲੀਸ ਨੇ ਮ੍ਰਿਤਕ ਦੀ ਧੀ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਜਵਾਈ, ਕੁੜਮ ਅਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਮ੍ਰਿਤਕ ਰਾਵਿੰਦਰਪਾਲ ਕੁਮਾਰ ਵਾਸੀ ਕਟਿਆਰਾ ਮੁਹੱਲਾ ਨਾਭਾ ਗੇਟ ਸੰਗਰੂਰ ਦੀ ਪੁੱਤਰੀ ਖੁਸ਼ਬੂ ਨੇ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸ ਦਾ ਪਿਤਾ ਆਈ.ਟੀ.ਆਈ. ਸੰਗਰੂਰ ਵਿਚ ਸੇਵਾਦਾਰ ਵਜੋਂ ਨੌਕਰੀ ਕਰਦਾ ਸੀ। ਉਹ ਦੋ ਭੈਣਾਂ ਹਨ। ਉਸ ਦੀ ਵਿਆਹ 2 ਮਈ 2021 ਨੂੰ ਅੰਕੁਸ਼ ਬੱਤਰਾ ਵਾਸੀ ਤ੍ਰਿਪੜੀ ਟਾਊਨ ਪਟਿਆਲਾ ਨਾਲ ਹੋਇਆ ਸੀ। ਕਰੀਬ ਮਹੀਨੇ ਬਾਅਦ ਹੀ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨਾਲ ਦਾਜ ਘੱਟ ਲਿਆਉਣ ਦਾ ਕਹਿ ਕੇ ਲੜਾਈ ਝਗੜਾ ਕਰਨ ਲੱਗ ਪਏ। ਉਸ ਕੋਲੋਂ ਪੰਜ ਲੱਖ ਰੁਪਏ ਵੀ ਮੰਗੇ। ਸਹੁਰੇ ਪਰਿਵਾਰ ਦੇ ਕਲੇਸ਼ ਕਾਰਨ ਹੀ ਉਹ ਆਪਣੇ ਪਿਤਾ ਕੋਲ ਸੰਗਰੂਰ ਆ ਗਈ। ਬੀਤੀ ਦਿਨੀ ਉਹ ਪਿਤਾ ਨਾਲ ਮੰਦਿਰ ਗਈ ਸੀ ਜਿਥੇ ਉਸ ਦਾ ਪਤੀ, ਸਹੁਰਾ ਅਤੇ ਸੰਗਰੂਰ ਦੇ ਦੋ ਹੋਰ ਵਿਅਕਤੀ ਮੋਹਿਤ ਕੁਮਾਰ ਅਤੇ ਭੂਸ਼ਣ ਕੁਮਾਰ ਉਨ੍ਹਾਂ ਨੂੰ ਮਿਲੇ। ਜਿਥੇ ਉਸ ਦੇ ਸਹੁਰੇ ਨੇ ਉਸ ਦੇ ਪਿਤਾ ਨੂੰ ਕਿਹਾ ਕਿ ਉਸ ਨੇ ਆਪਣਾ ਮੁੰਡਾ ਵਿਦੇਸ਼ ਭੇਜਣਾ ਹੈ, ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ। ਜਦੋਂ ਉਸ ਦੇ ਪਿਤਾ ਨੇ ਪੈਸੇ ਦੇਣ ਦੀ ਸਮਰੱਥਾ ਨਾ ਹੋਣ ਦੀ ਗੱਲ ਆਖੀ ਤਾਂ ਸਹੁਰੇ ਨੇ ਉਸ ਦੇ ਪਿਤਾ ਦੀ ਬੇਇੱਜ਼ਤੀ ਕੀਤੀ। ਅਗਲੇ ਦਿਨ ਉਸ ਦੇ ਪਿਤਾ ਨੇ ਜ਼ਹਿਰੀਲੀ ਦਵਾਈ ਪੀ ਲਈ। ਉਸ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ ਜਿਥੋਂ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਰੈਫ਼ਰ ਕਰ ਦਿੱਤਾ ਜਿਥੇ ਇਲਾਜ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ। ਥਾਣਾ ਸਿਟੀ ਪੁਲੀਸ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਅਨੁਸਾਰ ਅੰਕੁਸ਼ ਬਤਰਾ, ਅਮਰਜੀਤ ਬਤਰਾ ਵਾਸੀਆਨ ਪਟਿਆਲਾ ਅਤੇ ਮੋਹਿਤ ਕੁਮਾਰ, ਭੂਸ਼ਣ ਕੁਮਾਰ ਉਰਫ਼ ਟਿੰਨੀ ਵਾਸੀਆਨ ਸੰਗਰੂਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।