ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 18 ਜਨਵਰੀ
ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ ਬੀਬੀ ਜ਼ੈਨਬ ਅਖ਼ਤਰ ਨੇ ਸਥਾਨਕ ਪੰਜਾਬ ਉਰਦੂ ਅਕੈਡਮੀ, ਸਥਾਨਕ ਜਾਮਾ ਮਸਜਿਦ ਅਤੇ ਮਸਜਿਦ ਬਗਲੇ ਵਾਲੀ ਵਿਖੇ ਪੰਜਾਬ ਵਕਫ਼ ਬੋਰਡ ਵੱਲੋਂ ਖੋਲ੍ਹੀਆਂ ਲਾਇਬ੍ਰੇਰੀਆਂ ਦਾ ਦੌਰਾ ਕੀਤਾ, ਇਸ ਮੌਕੇ ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਨੂੰ ਸਿੱਖਿਆ ਦੇ ਖੇਤਰ ’ਚ ਦੇਸ਼ ਦਾ ਅੱਵਲ ਸ਼ਹਿਰ ਬਣਾਉਣਾ, ਉਨ੍ਹਾਂ ਦਾ ਸੁਪਨਾ ਹੈ। ਉਨ੍ਹਾਂ ਸਥਾਨਕ ਹਲੀਮਾ ਹਸਪਤਾਲ ਦਾ ਵੀ ਦੌਰਾ ਕੀਤਾ। ਬੀਬੀ ਜ਼ੈਨਬ ਅਖ਼ਤਰ ਨੇ ਕਿਹਾ ਕਿ ਪੰਜਾਬ ਵਕਫ਼ ਬੋਰਡ ਅਧੀਨ ਚੱਲਦੇ ਵਿਦਿਅਕ ਅਦਾਰਿਆਂ ਦੀ ਹਾਲਤ ਨੂੰ ਸੁਧਾਰਨ ਲਈ ਬੋਰਡ ਵੱਲੋਂ ਠੋਸ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਦੇ ਭਵਿੱਖ ’ਚ ਸਾਰਥਕ ਨਤੀਜੇ ਅਵਾਮ ਸਾਹਮਣੇ ਹੋਣਗੇ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਪਛੜੇ ਬਹੁ-ਗਿਣਤੀ ਮੁਸਲਿਮ ਵਸੋਂ ਵਾਲੇ ਇਸ ਸ਼ਹਿਰ ਅੰਦਰ ਪੰਜਾਬ ਵਕਫ ਬੋਰਡ ਨੇ ਵਿੱਦਿਅਕ ਕ੍ਰਾਂਤੀ ਲਿਆਉਣ ਲਈ ਇੱਕ ਨਵੀਂ ਯੋਜਨਾ ਉਲੀਕੀ ਹੈ, ਜਿਸ ਤਹਿਤ ਪੰਜਾਬ ਵਕਫ਼ ਬੋਰਡ ਦੇ ਪ੍ਰਬੰਧ ਅਧੀਨ ਸਮੁੱਚੇ ਸਕੂਲਾਂ ਅੰਦਰ ਮਾਡਲ ਸਕੂਲਾਂ ਵਾਲੀ ਹਰੇਕ ਵਿੱਦਿਅਕ ਸਹੂਲਤ ਮੁਹੱਈਆ ਕਰਵਾਏ ਜਾਣ ਦੇ ਨਾਲ-ਨਾਲ, ਉੱਚ ਵਿੱਦਿਆ ਪ੍ਰਾਪਤ ਤਜ਼ਰਬੇਕਾਰ ਸਟਾਫ ਭਰਤੀ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਮਾਲੇਰਕੋਟਲਾ ਦੇ ਵਿਦਿਆਰਥੀ ਵੀ ਆਈ.ਏ.ਐੱਸ. ਤੇ ਆਈ.ਪੀ.ਐੱਸ. ਅਫ਼ਸਰ ਵਜੋਂ ਦੇਸ਼ ਦੀ ਸੇਵਾ ਕਰਦੇ ਦਿਖਾਈ ਦੇਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਵਕਫ਼ ਬੋਰਡ ਅਧੀਨ ਚੱਲਦੇ ਸਥਾਨਕ ਹਜ਼ਰਤ ਹਲੀਮਾ ਹਸਪਤਾਲ ਦੀ ਤਰੱਕੀ ਲਈ ਕਈ ਯੋਜਨਾਵਾਂ ’ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਹਸਪਤਾਲ ਨੂੰ ਈ.ਐੱਸ.ਆਈ.ਸੀ ਨਾਲ ਜੋੜਿਆ ਜਾ ਰਿਹਾ ਹੈ।