ਹੁਸ਼ਿਆਰ ਸਿਘ ਰਾਣੂ
ਮਾਲੇਰਕੋਟਲਾ, 31 ਦਸੰਬਰ
ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੀਆਂ ਬਰੂਹਾਂ ‘ਤੇ ਸਾਲ ਭਰ ਚੱਲੇ ਅੰਦੋਲਨ ਦੌਰਾਨ ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਤ ਲੰਮਾ ਸਮਾਂ ਹਾਜ਼ਰੀ ਲਗਾਉਣ ਵਾਲੇ ਕਿਸਾਨਾਂ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਫਾਰਮਰਜ਼ ਫੈਡਰੇਸ਼ਨ ਮਾਲੇਰਕੋਟਲਾ ਵੱਲੋ 6 ਜਨਵਰੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਅੱਜ ਇਥੇ ਫਾਰਮਰਜ਼ ਫੈਡਰੇਸ਼ਨ ਦੇ ਚੇਅਰਮੈਨ ਮਹਿਮੂਦ ਅਖ਼ਤਰ ਸ਼ਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਇਹ ਅੰਦੋਲਨ ਸਿਰਫ਼ ਕਿਸਾਨੀ ਜਾਂ ਖੇਤੀ ਦੇ ਧੰਦੇ ਨੂੰ ਬਚਾਉਣ ਲਈ ਹੀ ਨਹੀਂ ਲੜਿਆ, ਸਗੋਂ ਇਹ ਅੰਦੋਲਨ ਦੇਸ਼ ਦੇ ਹਰ ਬਸਰ ਦੇ ਹਿੱਤਾਂ ਦੀ ਰਾਖੀ ਲਈ ਲੜਿਆ ਤੇ ਜਿੱਤਿਆ ਹੈ। ਇਸ ਕਿਸਾਨੀ ਅੰਦੋਲਨ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦਾ ਕਿਸਾਨ ਸਿਰਫ਼ ਅਨਾਜ ਪੈਦਾ ਕਰ ਕੇ ਦੇਸ਼ ਵਾਸੀਆਂ ਦਾ ਢਿੱਡ ਹੀ ਨਹੀਂ ਭਰਦਾ, ਸਗੋਂ ਦੇਸ਼ ਦੇ ਹਰ ਵਰਗ ਦੇ ਹਿੱਤਾਂ ਪ੍ਰਤੀ ਵੀ ਜਾਗਰੂਕ ਹੈ। ਉਨ੍ਹਾਂ ਜ਼ਿਲ੍ਹਾ ਮਾਲੇਰਕੋਟਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਫਾਰਮਰਜ਼ ਫੈਡਰੇਸ਼ਨ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਤ ਅਜਿਹੇ ਕਿਸਾਨਾਂ ਦਾ ਵੇਰਵਾ ਇਕੱਤਰ ਕੀਤਾ ਜਾ ਰਿਹਾ ਹੈ ਫਿਰ ਵੀ ਉਹ ਵੀ ਕਿਸੇ ਅਜਿਹੇ ਕਿਸਾਨ ਜਾਂ ਉਸ ਦੇ ਪਰਿਵਾਰ ਨੂੰ ਜਾਣਦੇ ਹਨ,ਜੋ ਸਨਮਾਨ ਦਾ ਹੱਕ਼ਦਾਰ ਹੈ, ਬਾਰੇ ਉਨ੍ਹਾਂ ਦੇ ਮੋਬਾਈਲ ਨੰਬਰ 98760-77771 ਜਾਂ ਮੇਲ ਆਈਡੀ mehmoodakhtarshad777@gmail ‘ਤੇ ਜਾਣਕਾਰੀ ਦੇ ਸਕਦੇ ਹਨ। ਇਸ ਮੌਕੇ ਮੁਹੰਮਦ ਓਵੇਸ, ਕਾਸਿਮ ਮੁਹੰਮਦ, ਮੁਹੰਮਦ ਹਨੀਫ, ਨਿਆਜ਼ ਖਾਂ, ਮੁਹੰਮਦ ਯਾਕੂਬ ਹਾਜ਼ਰ ਸਨ।