ਮੁਕੰਦ ਸਿੰਘ ਚੀਮਾ
ਸੰਦੌੜ, 30 ਜਨਵਰੀ
ਸਾਬਕਾ ਡੀਜੀਪੀ ਅਤੇ ਮਾਲੇਰਕੋਟਲਾ ਤੋਂ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸਿਫਾਰਿਸ਼ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਯਤਨਾਂ ਸਦਕਾ ਹੀ ਮਾਲੇਰਕੋਟਲਾ ਨੂੰ ਕਾਂਗਰਸ ਸਰਕਾਰ ਨੇ ਜ਼ਿਲ੍ਹਾ ਬਣਾ ਕੇ ਮਾਣ ਬਖਸ਼ਿਆ ਹੈ ਜਦਕਿ ਵਿਰੋਧੀ ਪਾਰਟੀਆਂ ਉਨ੍ਹਾਂ ’ਤੇ ਸਵਾਲ ਚੁੱਕਦੀਆਂ ਸਨ ਕਿ ਰਜ਼ੀਆ ਸੁਲਤਾਨਾ ਮਾਲੇਰਕੋਟਲਾ ਨੂੰ ਜ਼ਿਲ੍ਹਾ ਨਹੀਂ ਬਣਾ ਸਕਦੀ।
ਮੁਹੰਮਦ ਮੁਸਤਫਾ ਨੇ ਪਿੰਡ ਚੱਕ ਸੇਖੂਪੁਰ ਕਲਾਂ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕਰਨ ਮਗਰੋਂ ਕਿਹਾ ਕਿ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਰੋੜਾਂ ਰੁਪਏ ਦੀਆਂ ਗਰਾਟਾਂ ਲਿਆ ਕੇ ਮਾਲੇਰਕੋਟਲਾ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦਾ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣਾ ਅਤੇ ਸ਼ਹਿਰ ਵਿੱਚ ਮੈਡੀਕਲ ਕਾਲਜ ਲੈ ਕੇ ਆਉਣਾ ਉਨ੍ਹਾਂ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਕੰਮ ਸਿਰਫ ਲੋਕਾਂ ਨੂੰ ਗੁਮਰਾਹ ਕਰਨਾ ਹੈ, ਇਨ੍ਹਾਂ ਪਾਰਟੀਆਂ ਕੋਲ ਪੰਜਾਬ ਦੀ ਬਿਹਤਰੀ ਲਈ ਕੋਈ ਠੋਸ ਏਜੰਡਾ ਨਹੀਂ ਹੈ। ਮੁਹੰਮਦ ਮੁਸਤਫਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਧਰਮ ਜਾਂ ਵਰਗ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਬਲਕਿ ਉਨ੍ਹਾਂ ਨੇ ਸ਼ਰਾਰਤੀ ਲੋਕਾਂ ਨੂੰ ਤਾੜਨਾ ਕੀਤੀ ਸੀ ਪਰ ਕੁਝ ਲੋਕ ਜਾਣ-ਬੁੱਝ ਕੇ ਉਨ੍ਹਾਂ ਖਿਲਾਫ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਸ ਮੌਕੇ ਬਲਾਕ ਸਮਿਤੀ ਮੈਂਬਰ ਕਮਲਜੀਤ ਸਿੰਘ ਚੱਕ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ, ਮਾਸਟਰ ਗੁਲਜ਼ਾਰ ਸਿੰਘ, ਸਰਪੰਚ ਰਾਮ ਸਿੰਘ ਸਮੇਤ ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।