ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 15 ਫਰਵਰੀ
ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਮੁੱਖ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ -ਬਸਪਾ ਗੱਠਜੋੜ ਉਮੀਦਵਾਰਾਂ ਦਰਮਿਆਨ ਹੈ। ਇਸ ਹਲਕੇ ਤੋਂ ਕਾਂਗਰਸ ਵੱਲੋਂ ਰਜ਼ੀਆ ਸੁਲਤਾਨਾ, ਆਮ ਆਦਮੀ ਪਾਰਟੀ ਵੱਲੋਂ ਡਾ. ਜਮੀਲ ਉਰ ਰਹਿਮਾਨ, ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਸਾਬਕਾ ਅਕਾਲੀ ਮੰਤਰੀ ਨੁਸਰਤ ਅਲੀ ਖਾਂ, ਪੰਜਾਬ ਲੋਕ ਕਾਂਗਰਸ ਵੱਲੋਂ ਸਾਬਕਾ ਸੰਸਦੀ ਸਕੱਤਰ ਐੱਫ.ਨਿਸਾਰਾ ਖ਼ਾਤੂਨ, ਸੀਪੀਆਈ (ਐਮ) ਵੱਲੋਂ ਅਬਦੁੱਲ ਸਤਾਰ, ਪੰਜਾਬ ਨੈਸ਼ਨਲ ਪਾਰਟੀ ਵੱਲੋਂ ਡਾ. ਸਈਅਦ ਮਨਜ਼ੂਰ ਗਿਲਾਨੀ, ਆਪਣੀ ਏਕਤਾ ਪਾਰਟੀ ਵੱਲੋਂ ਹਸਨ ਮੁਹੰਮਦ ਅਤੇ ਲੋਕ ਇਨਸਾਫ਼ ਪਾਰਟੀ ਵੱਲੋਂ ਮੁਹੰਮਦ ਅਨਵਰ ਸਮੇਤ 7 ਆਜ਼ਾਦ ਉਮੀਦਵਾਰ ਸੈਫ ਉਰ ਇਸਮਾਈਲ, ਧਰਮਿੰਦਰ ਸਿੰਘ, ਮਹਿੰਦਰ ਸਿੰਘ, ਮੁਹੰਮਦ ਸ਼ਕੀਲ, ਮੁਹੰਮਦ ਜ਼ੂਬੈਰ, ਮੁਹੰਮਦ ਮੁਨੀਰ ਅਤੇ ਮੁਹੰਮਦ ਯਾਸੀਨ ਚੋਣ ਮੈਦਾਨ ਵਿੱਚ ਹਨ।ਕਾਂਗਰਸ ਉਮੀਦਵਾਰ ਰਜ਼ੀਆ ਸੁਲਤਾਨਾ, ‘ਆਪ’ ਉਮੀਦਵਾਰ ਡਾ. ਜਮੀਲ ਉਰ ਰਹਿਮਾਨ, ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਨੁਸਰਤ ਅਲੀ ਖਾਂ ਵੱਲੋਂ ਵੱਡੇ ਚੋਣ ਜਲਸੇ ਕੀਤੇ ਜਾ ਰਹੇ ਹਨ। ਇਨ੍ਹਾਂ ਉਮੀਦਵਾਰਾਂ ਦੇ ਪਰਿਵਾਰਕ ਜੀਆਂ ਵੱਲੋਂ ਵੋਟਰਾਂ ਨਾਲ ਘਰ-ਘਰ ਜਾ ਕੇ ਵੀ ਸੰਪਰਕ ਕੀਤਾ ਜਾ ਰਿਹਾ ਹੈ। ਬਾਕੀ ਉਮੀਦਵਾਰਾਂ ਵੱਲੋਂ ਵੀ ਵੋਟਰਾਂ ਨਾਲ ਘਰ-ਘਰ ਜਾ ਕੇ ਸੰਪਰਕ ਕੀਤਾ ਜਾ ਰਿਹਾ ਹੈ। ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਨੁਸਰਤ ਅਲੀ ਖਾਂ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਗੇੜਾ ਮਾਰ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਅਤੇ ਪੰਜਾਬ ਲੋਕ ਕਾਂਗਰਸ ਦੀ ਉਮੀਦਵਾਰ ਐਫ. ਨਿਸਾਰਾ ਖ਼ਾਤੂਨ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਅਜੇ ਤੱਕ ਕਿਸੇ ਵੱਡੇ ਆਗੂ ਨੇ ਗੇੜਾ ਨਹੀਂ ਮਾਰਿਆ। ਕਾਂਗਰਸ ਪਾਰਟੀ ਦੀ ਉਮੀਦਵਾਰ ਰਜ਼ੀਆ ਸੁਲਤਾਨਾ ਵੱਲੋਂ ਚੋਣ ਮੁਹਿੰਮ ਯੋਜਨਾਬੱਧ ਤਰੀਕੇ ਨਾਲ ਚਲਾਈ ਜਾ ਰਹੀ ਹੈ। ਅਕਾਲੀ ਦਲ -ਬਸਪਾ ਗੱਠਜੋੜ ਦੇ ਉਮੀਦਵਾਰ ਨੁਸਰਤ ਅਲੀ ਖਾਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਸਮੇਤ ਹੋਰਨਾਂ ਉਮੀਦਵਾਰਾਂ ਵੱਲੋਂ ਚੋਣ ਰਵਾਇਤੀ ਢੰਗ ਨਾਲ ਲੜੀ ਜਾ ਰਹੀ ਹੈ। ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਪਾਰਟੀ ਦੇ ਪੰਜਾਬ ਮਾਡਲ , ਆਮ ਆਦਮੀ ਪਾਰਟੀ ਦਾ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਦਿੱਲੀ ਮਾਡਲ ਦੇ ਨਾਂ ’ਤੇ ਅਤੇ ਅਕਾਲੀ -ਬਸਪਾ ਗੱਠਜੋੜ ਦਾ ਉੁਮੀਦਵਾਰ ਨੁਸਰਤ ਅਲ਼ੀ ਖਾਂ ਸੂਬੇ ‘ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਮੁੱਦੇ ’ਤੇ ਵੋਟਾਂ ਮੰਗ ਰਹੇ ਹਨ। ਮੁਸਲਿਮ ਅਤੇ ਪੇਂਡੂ ਵੋਟਰ ਦਾ ਵੱਡਾ ਹਿੱਸਾ ਰਜ਼ੀਆ ਸੁਲਤਾਨਾ, ਡਾ. ਜਮੀਲ ਉਰ ਰਹਿਮਾਨ ਅਤੇ ਨੁਸਰਤ ਅਲੀ ਖਾਂ ਦੇ ਪੱਖ ’ਚ ਵੰਡਿਆ ਸਪੱਸ਼ਟ ਨਜ਼ਰ ਆ ਰਿਹਾ ਹੈ ਜਦ ਕਿ ਸ਼ਹਿਰ ’ਚ ਵਸਦੇ ਦੇ ਘੱਟ ਗਿਣਤੀ ਭਾਈਚਾਰੇ ਦਾ ਵੱਡਾ ਹਿੱਸਾ ਅਜੇ ਖ਼ਾਮੋਸ਼ ਹੈ।